ਜਲੰਧਰ, 17 ਮਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੰਤਰੀ ਮੰਡਲ ਦੀ ਮੀਟਿੰਗ ਅੱਜ ਇਥੇ ਪੀਏਪੀ ਕੈਂਪਸ ਵਿੱਚ ਹੋਈ। ਮੰਤਰੀ ਮੰਡਲ ਵਿੱਚ ਹੋਏ ਫੈਸਲਿਆਂ ਦੀ ਜਾਣਕਾਰੀ ਦਿੰਦਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਜਲੰਧਰ ਨੂੰ 95 ਕਰੋੜ 16 ਲੱਖ ਰੁਪਏ ਜਾਰੀ ਕੀਤੇ ਗਏ ਹਨ, ਜਿਸ ਨਾਲ ਸ਼ਹਿਰ ਦਾ ਬੁਹਪੱਖੀ ਵਿਕਾਸ ਹੋ ਸਕੇ। ਆਦਮਪੁਰ ਦੇ ਫਲਾਈ ਓਵਰ ਦੇ 6 ਸਾਲ ਤੋਂ ਰੁਕੇ ਕੰਮ ਦਾ ਜ਼ਿਕਰ ਕਰਦਿਆ ਉਨ੍ਹਾਂ ਦੱਸਿਆ ਕਿ ਆਦਮਪੁਰ ਵਾਲੀ ਸੜਕ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਸਤੰਬਰ ਤੱਕ ਸੜਕ ਮੁਕੰਮਲ ਹੋ ਜਾਵੇਗੀ। ਜੰਡਿਆਲਾ ਤੋ ਗੁਰਾਇਆ ਜਾਣ ਵਾਲੀ 17 ਕਿਲੋਮੀਟਰ ਤੱਕ ਸੜਕ ਸਤੰਬਰ ਤੱਕ ਬਣਾਈ ਜਾਵੇਗੀ। ਜਲੰਧਰ ਨੂੰ ਸਮਾਰਟ ਸਿਟੀ ਬਣਾਵਾਂਗੇ। ਸਰਕਾਰ ਆਪ ਕੇ ਦੁਆਰ ਨਾਂ ਦੇ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਸ਼ਿਕਾਇਤ ਵੀ ਸੁਣੀਆਂ। ਉਨ੍ਹਾਂ ਦੱਸਿਆ ਕਿ ਆਬਕਾਰੀ ਵਿਭਾਗ ਵਿੱਚ 17 ਆਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਪਟਵਾਰੀਆਂ ਦੀ ਸਿਖਲਾਈ ਦਾ ਸਮਾਂ ਡੇਢ ਸਾਲ ਤੋਂ ਘਟਾ ਕੇ ਇੱਕ ਸਾਲ ਕਰ ਦਿੱਤਾ ਹੈ ਤੇ ਇੱਕ ਸਾਲ ਵੀ ਉਨ੍ਹਾਂ ਦੀ ਨੌਕਰੀ ਵਿੱਚ ਮੰਨਿਆ ਜਾਵੇਗਾ। ਗੁਰੂ ਅੰਗਦ ਦੇਵ ਯੂਨੀਵਰਸਿਟੀ ਮਾਸਟਰ ਕੇਡਰ ਵਾਲਿਆਂ ਨੂੰ ਯੂਜੀਸੀ ਵਾਲੇ ਸੋਧੇ ਹੋਏ ਸਕੇਲਾਂ ਅਨੁਸਾਰ ਤਨਖਾਹ ਦਿੱਤੀ ਜਾਵੇਗੀ। ਵਿਰੋਧੀਆਂ ’ਤੇ ਨਿਸ਼ਾਨਾ ਲਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਜਲੰਧਰ ਦੇ ਨਤੀਜੇ ਤੋਂ ਬਾਅਦ ਹੁਣ ਅਰਾਮ ਕਰਨ। ਉਨ੍ਹਾਂ ਨਾਲ ਬੈਠੇ ਨਵੇਂ ਚੁਣੇ ਐੱਮਪੀ ਸ਼ੁਸ਼ੀਲ ਰਿੰਕੂ ਨੂੰ ਵਧਾਈ ਦਿੱਤੀ।