ਚੰਡੀਗੜ੍ਹ:ਪੰਜਾਬ ਮਹਿਲਾ ਕਮਿਸ਼ਨ ਨੇ ਬਾਲੀਵੁੱਡ ਅਤੇ ਪੰਜਾਬੀ ਗਾਇਕ ਹਨੀ ਸਿੰਘ ਅਤੇ ਕਰਨ ਔਜਲਾ ਦੇ ਗੀਤਾਂ ਵਿੱਚ ਮਹਿਲਾਵਾਂ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਵਾਲੀ ਭਾਸ਼ਾ ਦੇ ਮੁੱਦੇ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਮਿਸ਼ਨ ਦਾ ਮੰਨਣਾ ਹੈ ਕਿ ਇਨ੍ਹਾਂ ਗੀਤਾਂ ਨਾਲ ਸਮਾਜ ਵਿੱਚ ਮਹਿਲਾਵਾਂ ਪ੍ਰਤੀ ਗਲਤ ਸੁਨੇਹਾ ਜਾਂਦਾ ਹੈ। ਇਸੇ ਕਰਕੇ ਅੱਜ, 11 ਅਗਸਤ ਨੂੰ, ਦੋਵਾਂ ਗਾਇਕਾਂ ਨੂੰ ਕਮਿਸ਼ਨ ਸਾਹਮਣੇ ਪੇਸ਼ ਹੋਣ ਲਈ ਸੱਦਿਆ ਗਿਆ ਹੈ।

ਕਮਿਸ਼ਨ ਦੀ ਮੁਖੀ ਰਾਜ ਲਾਲੀ ਗਿੱਲ ਨੇ ਦੱਸਿਆ ਕਿ ਉਹ ਇਨ੍ਹਾਂ ਗੀਤਾਂ ਦੀ ਸਮਗਰੀ ਅਤੇ ਇਸ ਦੇ ਪਿੱਛੇ ਦੇ ਕਾਰਨਾਂ ਦੀ ਪੜਤਾਲ ਕਰਨਗੇ, ਤਾਂ ਜੋ ਅੱਗੇ ਤੋਂ ਅਜਿਹੀਆਂ ਰਚਨਾਵਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨੇ ਚੰਡੀਗੜ੍ਹ ਪੁਲਿਸ ਨੂੰ ਇਸ ਮਾਮਲੇ ਵਿੱਚ ਸਖਤ ਕਾਰਵਾਈ ਦੇ ਹੁਕਮ ਦਿੱਤੇ ਹਨ, ਅਤੇ ਅੱਜ ਪੁਲਿਸ ਦੀ ਰਿਪੋਰਟ ਵੀ ਸਾਹਮਣੇ ਆਉਣ ਦੀ ਉਮੀਦ ਹੈ।

ਰਾਜ ਲਾਲੀ ਗਿੱਲ ਨੇ ਸੋਸ਼ਲ ਮੀਡੀਆ ’ਤੇ ਹਨੀ ਸਿੰਘ ਦੇ ਗੀਤ ‘ਮਿਲੀਅਨੇਅਰ’ ਅਤੇ ਕਰਨ ਔਜਲਾ ਦੇ ‘ਐਮਐਫ ਗਬਰੂ’ ਨੂੰ ਸੁਣਿਆ, ਜਿਨ੍ਹਾਂ ਵਿੱਚ ਮਹਿਲਾਵਾਂ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਹੋਈ ਹੈ। ਕਮਿਸ਼ਨ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਡੀਜੀਪੀ ਨੂੰ ਜਾਂਚ ਅਤੇ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਪੁਲਿਸ ਨੂੰ ਅੱਜ ਇਸ ਮਾਮਲੇ ਵਿੱਚ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣੀ ਹੈ।

ਪਹਿਲਾਂ ਵੀ ਵਿਵਾਦਾਂ ’ਚ ਰਹੇ ਦੋਵੇਂ ਗਾਇਕ

ਕਰਨ ਔਜਲਾ ਪਿਛਲੇ ਸਾਲ ਦਸੰਬਰ 2024 ਵਿੱਚ ਚੰਡੀਗੜ੍ਹ ਦੇ ਇੱਕ ਸ਼ੋਅ ਦੌਰਾਨ ਸ਼ਰਾਬ ਨੂੰ ਉਤਸ਼ਾਹਿਤ ਕਰਨ ਦੇ ਦੋਸ਼ਾਂ ਵਿੱਚ ਵਿਵਾਦ ’ਚ ਘਿਰ ਗਏ ਸਨ। ਮਾਮਲਾ ਹਾਈਕੋਰਟ ਤੱਕ ਪੁੱਜਾ, ਜਿਸ ਤੋਂ ਬਾਅਦ ਪੁਲਿਸ ਨੇ ਸ਼ੋਅ ਦੌਰਾਨ ਦਖਲ ਦੇ ਕੇ ਅਜਿਹੇ ਗੀਤ ਗਾਉਣ ’ਤੇ ਰੋਕ ਲਗਾਈ। ਇਸੇ ਤਰ੍ਹਾਂ, ਹਨੀ ਸਿੰਘ ਮਾਰਚ 2025 ਵਿੱਚ ਸ਼ਹੀਦੀ ਦਿਵਸ ’ਤੇ ਚੰਡੀਗੜ੍ਹ ’ਚ ਸ਼ੋਅ ਕਰਨ ਕਰਕੇ ਵਿਵਾਦ ’ਚ ਆਏ, ਜਦੋਂ ਬੀਜੇਪੀ ਨੇ ਇਸ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਦਾ ਅਪਮਾਨ ਦੱਸਿਆ।