ਪੰਜਾਬ ਪੁਲਿਸ ਦੇ ਇੱਕ ਡੀਐਸਪੀ ਨਾਲ ਇੱਕ ਵੱਡੇ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਡੀਐਸਪੀ ਅਤੁਲ ਸੋਨੀ ਨਾਲ 22.25 ਲੱਖ ਰੁਪਏ ਦੀ ਠੱਗੀ ਮਾਰੀ ਗਈ। ਅਤੁਲ ਸੋਨੀ ਇਸ ਵੇਲੇ ਗੋਇੰਦਵਾਲ ਸਾਹਿਬ ਵਿੱਚ ਤਾਇਨਾਤ ਹੈ। ਪੁਲਿਸ ਨੇ ਧੋਖਾਧੜੀ ਦੇ ਦੋਸ਼ਾਂ ਵਿੱਚ ਮੋਹਾਲੀ ਦੇ ਇੱਕ ਪਿਓ-ਪੁੱਤ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਡੀਐਸਪੀ ਅਤੁਲ ਸੋਨੀ ਨੇ ਇਸ ਮਾਮਲੇ ਸਬੰਧੀ 18 ਅਪ੍ਰੈਲ ਨੂੰ ਜ਼ਿਲ੍ਹਾ ਪੁਲਿਸ ਮੁਖੀ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਜੋਕਿ ਲਗਭਗ ਡੇਢ ਸਾਲ ਪੁਰਾਣਾ ਹੈ। ਦੋਸ਼ ਲਗਾਇਆ ਗਿਆ ਸੀ ਕਿ ਕਰਨਪ੍ਰੀਤ ਸਿੰਘ ਅਤੇ ਉਸਦੇ ਪਿਤਾ ਹਰਵਿੰਦਰ ਸਿੰਘ, ਜੋ ਕਿ ਗੁਲਮੋਹਰ ਮੁਬਾਰਕਪੁਰ (ਡੇਰਾਬੱਸੀ), ਜ਼ਿਲ੍ਹਾ ਮੋਹਾਲੀ ਦੇ ਰਹਿਣ ਵਾਲੇ ਹਨ, ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਧੋਖਾਧੜੀ ਦੇ ਇਸ ਮਾਮਲੇ ਦੀ ਜਾਂਚ ਐਸਪੀ ਨੇ ਕੀਤੀ।
ਢਾਈ ਮਹੀਨਿਆਂ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਨ੍ਹਾਂ ਦੋਸ਼ੀਆਂ ਨੇ ਡੀਐਸਪੀ ਸੋਨੀ ਨਾਲ 22 ਲੱਖ 25 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਜ਼ਿਲ੍ਹਾ ਪੁਲਿਸ ਮੁਖੀ ਦੀਪਕ ਪਾਰੀਕ ਦੇ ਹੁਕਮਾਂ ‘ਤੇ ਡੀ.ਐੱਸ.ਪੀ. ਅਤੁਲ ਸੋਨੀ ਦੇ ਬਿਆਨਾਂ ਦੇ ਆਧਾਰ ‘ਤੇ, ਦੋਸ਼ੀ ਕਰਨਪ੍ਰੀਤ ਸਿੰਘ ਤੇ ਉਸ ਦੇ ਪਿਤਾ ਹਰਵਿੰਦਰ ਸਿੰਘ ਵਿਰੁੱਧ ਗੋਇੰਦਵਾਲ ਸਾਹਿਬ ਥਾਣੇ ਵਿੱਚ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਡੀਐਸਪੀ ਪੱਧਰ ਦੇ ਅਧਿਕਾਰੀ ਵੱਲੋਂ ਇੰਨੀ ਵੱਡੀ ਰਕਮ ਦੀ ਧੋਖਾਧੜੀ ਕੀਤੇ ਜਾਣ ਕਾਰਨ ਖੁਦ ਪੁਲਿਸ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।