ਬਲਬੀਰ ਸਿੰਘ ਬੱਬੀ
ਪੰਜਾਬ ਸਮੇਤ ਕਈ ਰਾਜਾਂ ਦੇ ਵਿੱਚ ਕਣਕ ਤੇ ਝੋਨੇ ਦੀ ਕਟਾਈ ਤੋਂ ਬਾਅਦ ਖੇਤਾਂ ਵਿੱਚ ਅੱਗ ਲਾਉਣੀ ਆਮ ਜਿਹੀ ਗੱਲ ਬਣ ਗਈ ਹੈ ਜੋ ਕਿ ਬਹੁਤ ਹੀ ਗਲਤ ਹੈ ਤੇ ਇਹੀ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਿੱਚ ਸਹਾਈ ਹੁੰਦੀ ਹੈ ਜਦੋਂ ਹਰ ਛੇ ਮਹੀਨਿਆਂ ਬਾਅਦ ਅੱਗ ਲੱਗਦੀ ਹੈ ਤਾਂ ਜਿੱਥੇ ਧਰਤੀ ਦੇ ਨੁਕਸਾਨ ਹੁੰਦਾ ਹੈ ਉੱਥੇ ਹੀ ਸਾਡੇ ਮਿੱਤਰ ਪਸ਼ੂ ਪੰਛੀ ਤੋਂ ਇਲਾਵਾ ਅੱਗ ਦੇ ਧੂੰਏ ਕਾਰਨ ਅਨੇਕਾਂ ਵਿਅਕਤੀ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਇਥੋਂ ਤੱਕ ਕਿ ਕਈ ਥਾਵੀ ਜਾਨਾਂ ਵੀ ਜਾ ਚੁੱਕੀਆਂ ਹਨ ਇਸ ਤਰ੍ਹਾਂ ਜੋ ਅੱਗ ਲਗਾਈ ਜਾਂਦੀ ਹੈ ਅਸੀਂ ਉਸ ਦੇ ਵਿਰੁੱਧ ਹਾਂ ਇਸ ਤਰ੍ਹਾਂ ਨਹੀਂ ਲਗਾਉਣੀ ਚਾਹੀਦੀ। ਜਿਮੀਦਾਰ ਭਰਾਵਾਂ ਨੂੰ ਆਪਣੀ ਅਕਲ ਤੋਂ ਕੰਮ ਲੈਣਾ ਚਾਹੀਦਾ ਹੈ। ਪਿਛਲੇ ਵਾਰ ਜਦੋਂ ਕਣਕ ਦੀ ਕਟਾਈ ਹੋਈ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਵਿੱਚ ਲੋਕ ਸਭਾ ਚੋਣਾਂ ਹੋ ਰਹੀਆਂ ਸਨ ਬਹੁਤ ਜਿਆਦਾ ਅੱਗ ਪੰਜਾਬ ਵਿੱਚ ਖੇਤਾਂ ਵਿੱਚ ਲੱਗੀ ਸਰਕਾਰ ਤੇ ਪੁਲਿਸ ਵੋਟਾਂ ਵਿੱਚ ਰੁੱਝੀ ਹੋਈ ਸੀ ਜਾਂ ਕਹਿ ਲਈਏ ਅੱਗ ਲਾਉਣ ਦਾ ਸਿਆਸੀਕਰਨ ਹੋਇਆ ਸੀ।
ਮੌਜੂਦਾ ਸਮੇਂ ਝੋਨੇ ਦੀ ਕਟਾਈ ਹੋ ਰਹੀ ਹੈ ਤੇ ਜੋ ਵੀ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਰਿਹਾ ਹੈ ਪੰਜਾਬ ਪੁਲਿਸ ਉਸ ਦੇ ਵਿਰੁੱਧ ਬਹੁਤ ਸਖ਼ਤ ਕਾਰਵਾਈ ਕਰ ਰਹੀ ਹੈ। ਪੰਜਾਬ ਸਰਕਾਰ ਨੇ ਸਖਤ ਹੁਕਮ ਕੀਤੇ ਹੋਏ ਹਨ ਕਿ ਜੋ ਵਿਅਕਤੀ ਵੀ ਆਪਣੇ ਖੇਤ ਵਿੱਚ ਅੱਗ ਲਗਾ ਰਿਹਾ ਹੈ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਇਥੋਂ ਤੱਕ ਕਿ ਸਰਕਾਰੀ ਲਾਭਾਂ ਤੋਂ ਵੀ ਉਸ ਨੂੰ ਰਹਿਤ ਕਰਨ ਦੀ ਹੋਂਦ ਹੈ ਸਰਕਾਰ ਦਾ ਇਹ ਚੰਗਾ ਕਦਮ ਹੈ ਪੰਜਾਬ ਪੁਲਿਸ ਦੇ ਛੋਟੇ ਵੱਡੇ ਅਫਸਰਾਂ ਤੋਂ ਇਲਾਵਾ ਮੁਲਾਜ਼ਮ ਖੁਦ ਜਾ ਕੇ ਖੇਤਾਂ ਵਿੱਚ ਅੱਗ ਬੁਝਾਉਂਦੇ ਨਜ਼ਰ ਆ ਰਹੇ ਹਨ।
ਅਸੀਂ ਪੁਲਿਸ ਤੇ ਸਰਕਾਰ ਦੀ ਇਸ ਚੰਗੀ ਗੱਲ ਨਾਲ ਸਹਿਮਤ ਹਾਂ ਪਰ ਹੁਣ ਅੱਗੇ ਸਵਾਲ ਇਹ ਉੱਠਦਾ ਹੈ ਕਿ ਪੰਜਾਬ ਪੁਲਿਸ ਜੋ ਖੇਤਾਂ ਵਿੱਚ ਜਾ ਕੇ ਲਗਾਈ ਜਾ ਰਹੀ ਅੱਗ ਨੂੰ ਬੁਝਾ ਰਹੀ ਹੈ। ਬਹੁਤ ਬਰੀਕੀ ਨਿਗ੍ਹਾ ਰੱਖ ਰਹੀ ਹੈ ਇਥੋਂ ਤੱਕ ਕਿ ਡਰੋਨਾਂ ਦੀ ਵੀ ਮਦਦ ਲਈ ਜਾ ਰਹੀ ਹੈ। ਪੁਲਿਸ ਦੇ ਇਸ ਚੰਗੇ ਕੰਮ ਦੀ ਸ਼ਲਾਘਾ ਕਰਨੀ ਬਣਦੀ ਹੈ। ਇਸ ਵੇਲੇ ਪੰਜਾਬ ਦੇ ਵਿੱਚ ਜੋ ਨਸ਼ਿਆਂ ਦਾ ਮੁੱਦਾ ਉੱਠਿਆ ਹੋਇਆ ਹੈ ਉਹ ਬਹੁਤ ਹੀ ਗੰਭੀਰ ਬਣਦਾ ਜਾ ਰਿਹਾ ਹੈ। ਅਨੇਕਾਂ ਥਾਵਾਂ ਉੱਤੇ ਪੁਲਿਸ ਤੇ ਸਿਆਸੀ ਗਠਜੋੜ ਦੀ ਮਦਦ ਨਾਲ ਨਸ਼ੇ ਵੇਚਣ ਦੀਆਂ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਹਨ। ਹੁਣ ਜਦੋਂ ਖੇਤਾਂ ਦੇ ਵਿੱਚ ਪੁਲਿਸ ਅੱਗ ਬੁਝਾਉਣ ਲਈ ਮੁਸਤੈਦੀ ਵਰਤ ਰਹੀ ਹੈ ਤਾਂ ਕਿੰਨਾ ਚੰਗਾ ਹੋਵੇ ਜੇਕਰ ਇਹੀ ਪੰਜਾਬ ਪੁਲਿਸ ਪੰਜਾਬ ਦੇ ਪਿੰਡਾਂ ਵਿੱਚ ਘਰ ਘਰ ਜਾ ਕੇ ਨਸ਼ਿਆਂ ਦੇ ਵਿਰੁੱਧ ਵੀ ਮੁਸਤੈਦੀ ਵਰਤੇ ਤਾਂ ਕਿ ਨਸ਼ਿਆਂ ਦੇ ਜੋ ਚੱਲ ਰਹੇ ਦਰਿਆ ਹਨ ਤੇ ਲੋਕਾਂ ਨੂੰ ਆਪਣੇ ਵਿੱਚ ਡੋਬ ਕੇ ਬੁਰੇ ਤਰੀਕੇ ਮਾਰ ਰਹੇ ਹਨ ਉਹ ਵੀ ਕਾਫੀ ਹੱਦ ਤੱਕ ਰੁਕ ਸਕਦੇ ਹਨ। ਪੁਲਿਸ ਜਿਸ ਤਰ੍ਹਾਂ ਅੱਗ ਬੁਝਾਉਣ ਨੂੰ ਪੂਰੀ ਤਰ੍ਹਾਂ ਸਰਗਰਮ ਹੈ ਜੇਕਰ ਇਸ ਤਰ੍ਹਾਂ ਨਸ਼ਿਆਂ ਵਿਰੁੱਧ ਸਰਗਰਮ ਹੋਵੇ ਤਾਂ ਕਾਫੀ ਹੱਦ ਤੱਕ ਨਸ਼ਿਆਂ ਨੂੰ ਠੱਲ ਪਾਈ ਜਾ ਸਕਦੀ ਹੈ।