ਜਗਰਾਉਂ, 2 ਨਵੰਬਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿਵੇਂ ਜਗਰਾਉਂ ਮੂੰਗੀ ਦਾ ਹੱਬ ਬਣ ਚੁੱਕਾ ਹੈ, ਉਸੇ ਤਰ੍ਹਾਂ ਪੰਜਾਬ ਨੂੰ ਮੈਡੀਕਲ ਹੱਬ ਬਣਾਉਣਾ ਉਨ੍ਹਾਂ ਦਾ ਸੁਫ਼ਨਾ ਹੈ ਤੇ ਇਸ ਸੁਫ਼ਨੇ ਨੂੰ ਸਾਕਾਰ ਕਰਨ ਲਈ ਉਨ੍ਹਾਂ ਦੀ ਸਰਕਾਰ ਨੇ ਯਤਨ ਆਰੰਭ ਦਿੱਤੇ ਹਨ। ਉਹ ਇੱਥੇ ਛੇ ਕਰੋੜ ਰੁਪਏ ਦੀ ਲਾਗਤ ਨਾਲ ਬਣੇ ਜ਼ੱਚਾ-ਬੱਚਾ ਕੇਂਦਰ ਦਾ ਉਦਘਾਟਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨਾਲ ਸਿਹਤ ਮੰਤਰੀ ਚੇਤੰਨ ਸਿੰਘ ਜੌੜੇਮਾਜਰਾ ਤੇ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਤੋਂ ਇਲਾਵਾ ਪਾਰਟੀ ਦੇ ਕੁਝ ਹੋਰ ਵਿਧਾਇਕ ਵੀ ਹਾਜ਼ਰ ਸਨ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ 23 ਜ਼ਿਲ੍ਹਿਆਂ ’ਚ ਇਸ ਸਮੇਂ 9 ਮੈਡੀਕਲ ਕਾਲਜ ਹਨ ਪਰ ਸੂਬੇ ਨੂੰ ਮੈਡੀਕਲ ਹੱਬ ਵਜੋਂ ਵਿਕਸਿਤ ਕਰਨ ਲਈ 16 ਹੋਰ ਮੈਡੀਕਲ ਕਾਲਜ ਤੇ ਕਈ ਆਧੁਨਿਕ ਕਿਸਮ ਦੇ ਹਸਪਤਾਲ ਬਣਾਉਣੇ ਹਨ। ਸੰਗਰੂਰ ਜ਼ਿਲ੍ਹੇ ਦੇ ਮਸਤੂਆਣਾ ਸਾਹਿਬ ’ਚ ਮੈਡੀਕਲ ਕਾਲਜ ਖੁੱਲ੍ਹਣ ਜਾ ਰਿਹਾ ਹੈ। ਇਸੇ ਤਰ੍ਹਾਂ ਕਪੂਰਥਲਾ ਤੇ ਹੁਸ਼ਿਆਰਪੁਰ ’ਚ ਮੈਡੀਕਲ ਕਾਲਜ ਖੋਲ੍ਹਣ ਲਈ ਨਕਸ਼ੇ ਬਣ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜਗਰਾਉਂ ਲਾਲਾ ਲਾਜਪਤ ਰਾਏ ਦੀ ਧਰਤੀ ਹੈ ਜਿਨ੍ਹਾਂ ਦੇਸ਼ ਨੂੰ ਆਜ਼ਾਦੀ ਲੈ ਕੇ ਦਿੱਤੀ ਤੇ ਉਨ੍ਹਾਂ ਨੂੰ ਯਾਦ ਕਰਨਾ ਤੇ ਯਾਦਗਾਰਾਂ ਬਣਾਉਣਾ ਉਨ੍ਹਾਂ ਦਾ ਫਰਜ਼ ਹੈ। ਖੋਲ੍ਹੇ ਗਏ ਜ਼ੱਚਾ-ਬੱਚਾ ਹਸਪਤਾਲ ’ਚ ਸਟਾਫ਼ ਦੀ ਘਾਟ ਬਾਰੇ ਉਨ੍ਹਾਂ ਕਿਹਾ ਕਿ ਸਟਾਫ਼ ਪੂਰਾ ਹੋਵੇਗਾ ਕਿਉਂਕਿ ਸਰਕਾਰ ਜਲਦ ਹੀ ਸਿਹਤ ਮਹਿਕਮੇ ’ਚ ਨਵੀਆਂ ਭਰਤੀਆਂ ਕਰਨ ਜਾ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅੱਜ ਖੁੱਲ੍ਹੇ ਆਧੁਨਿਕ ਜ਼ੱਚਾ-ਬੱਚਾ ਹਸਪਤਾਲ ਦੇ ਸਾਜ਼ੋ-ਸਾਮਾਨ ਦੀ ਸਾਂਭ ਸੰਭਾਲ ਦੀ ਤਾਕੀਦ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਸਮੇਂ ਚੈੱਕ ਕਰਨ ਆ ਸਕਦੇ ਹਨ। ਸਰਕਾਰ ਦੀਆਂ ਸੱਤ ਮਹੀਨੇ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਉਨ੍ਹਾਂ ਕਿਹਾ ਕਿ ਮੁਫ਼ਤ ਬਿਜਲੀ ਦੀ ਸਹੂਲਤ ਤਹਿਤ 50 ਲੱਖ ਘਰਾਂ ਦੇ ਜ਼ੀਰੋ ਬਿੱਲ ਆਏ ਹਨ। ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਗਈ ਹੈ, 30 ਹਜ਼ਾਰ ਸਰਕਾਰੀ ਨੌਕਰੀਆਂ ਕੱਢੀਆਂ ਗਈਆਂ, ਹੈਲਪਲਾਈਨ ਰਾਹੀਂ ਸਵਾ ਦੋ ਸੌ ਭ੍ਰਿਸ਼ਟਾਚਾਰੀ ਫੜੇ ਗਏ, 100 ਦੇ ਕਰੀਬ ਮੁਹੱਲਾ ਕਲੀਨਿਕ 75ਵੇਂ ਆਜ਼ਾਦੀ ਦਿਵਸ ਮੌਕੇ ਖੋਲ੍ਹੇ ਤੇ ਹੋਰ ਬਣ ਰਹੇ ਹਨ। ਉਨ੍ਹਾਂ ਕਿਹਾ ਕਿ 9053 ਏਕੜ ਜ਼ਮੀਨ ਰਸੂਖ਼ਵਾਨਾਂ ਤੋਂ ਛੁਡਵਾਈ ਗਈ ਹੈ। ਇਸ ’ਚ 7800 ਏਕੜ ਪੰਚਾਇਤੀ ਜ਼ਮੀਨ ਸੀ ਜਿਸ ’ਚੋਂ ਤੀਜਾ ਹਿੱਸਾ ਅਨੁਸੂਚਿਤ ਜਾਤੀ ਵਾਲਿਆਂ ਨੂੰ ਹੁਣ ਠੇਕੇ ’ਤੇ ਮਿਲਿਆ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਸੀਜ਼ਨ ’ਚ ਮੂੰਗੀ ’ਤੇ ਐੱਮਐੱਸਪੀ ਦਾ ਐਲਾਨ ਅਗਾਊਂ ਕਰ ਦਿੱਤਾ ਜਾਵੇਗਾ ਤਾਂ ਜੋ ਕਿਸਾਨ ਇਸ ਨੂੰ ਬਦਲਵੀਂ ਫ਼ਸਲ ਵਜੋਂ ਅਪਣਾ ਸਕਣ। ਇਸ ਤੋਂ ਪਹਿਲਾਂ ਬੀਬੀ ਮਾਣੂੰਕੇ ਨੇ ਮੁੱਖ ਮੰਤਰੀ ਨੂੰ ਜੀ ਆਇਆਂ ਆਖਿਆ।