ਚੰਡੀਗੜ੍ਹ: ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ‘ਨਸ਼ਾ ਮੁਕਤ ਯਾਤਰਾ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਮੁਹਿੰਮ ਦਾ ਉਦੇਸ਼ ਹਰ ਪਿੰਡ ਅਤੇ ਹਰ ਵਾਰਡ ਤੱਕ ਨਸ਼ਾ ਛੁਡਾਊ ਸੰਦੇਸ਼ ਫੈਲਾਉਣਾ ਹੈ। ਮੁੱਖ ਮੰਤਰੀ ਮਾਨ ਨੇ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਇੱਕਜੁੱਟ ਹੋ ਕੇ ਲੜਾਈ ਲੜਨ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ, ਨਸ਼ਾ ਵਿਰੋਧੀ ਮੁਹਿੰਮ ਸਬੰਧੀ 2 ਤੋਂ 4 ਮਈ ਤੱਕ ਸਾਰੇ ਜ਼ਿਲ੍ਹਿਆਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ 7 ਮਈ ਤੋਂ ਹਰ ਪਿੰਡ ਅਤੇ ਵਾਰਡ ਵਿੱਚ ਜਨਤਕ ਮੀਟਿੰਗਾਂ ਸ਼ੁਰੂ ਹੋਣਗੀਆਂ, ਜਿਸ ਵਿੱਚ ਜਾਗਰੂਕਤਾ ਫੈਲਾਈ ਜਾਵੇਗੀ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਦੀ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਪੱਧਰ ‘ਤੇ ਨਸ਼ਾ ਖਤਮ ਕਰਨ ਲਈ ਜ਼ਮੀਨੀ ਰਿਪੋਰਟ ਪੇਸ਼ ਕਰਨ ਅਤੇ ਸਮਾਂ ਸੀਮਾ ਨਿਰਧਾਰਿਤ ਕਰਨ ‘ਤੇ ਚਰਚਾ ਹੋਵੇਗੀ। ਡੀਜੀਪੀ ਨੇ ਪਹਿਲਾਂ ਹੀ 31 ਮਈ, 2025 ਤੱਕ ‘ਨਸ਼ਾ ਮੁਕਤ ਪੰਜਾਬ’ ਦਾ ਟੀਚਾ ਮਿੱਥਿਆ ਹੈ, ਜਿਸਦੇ ਤਹਿਤ ਸਾਰੇ ਐਸਐਸਪੀਜ਼ ਅਤੇ ਸੀਪੀਜ਼ ਨੂੰ ਨਿੱਜੀ ਜ਼ਿੰਮੇਵਾਰੀ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ।