ਸੰਗਰੂਰ, 17 ਜੂਨ
ਫੌਜ ਵਿੱਚ ਭਰਤੀ ਹੋਣ ਦੀ ਤਿਆਰੀ ਕਰ ਰਹੇ ਪੰਜਾਬ ਦੇ ਹਜ਼ਾਰਾਂ ਨੌਜਵਾਨ ‘ਅਗਨੀਪਥ’ ਸਕੀਮ ਖ਼ਿਲਾਫ਼ ਸੜਕਾਂ ’ਤੇ ਉਤਰ ਆਏ ਹਨ। ਵੱਖ-ਵੱਖ ਜ਼ਿਲ੍ਹਿਆਂ ਤੋਂ ਪੁੱਜੇ ਹਜ਼ਾਰਾਂ ਨੌਜਵਾਨਾਂ ਵਲੋਂ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਕੇਂਦਰ ਸਰਕਾਰ ਖ਼ਿਲਾਫ਼ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਪੋਸਟਰ ਚੁੱਕੇ ਹੋਏ ਸਨ, ਜਿਨ੍ਹਾਂ ’ਤੇ ‘ਅਸੀਂ ਚਾਰ ਸਾਲ ਲਈ ਭਰਤੀ ਨਹੀਂ ਹੋਵਾਂਗਾ, ਫੌਜ ਕਿਸੇ ਦੇ ਬਾਪ ਦੀ ਨਹੀਂ ਹੈ’ ਨਾਅਰੇ ਲਿਖੇ ਹੋਏ ਸਨ। ਨੌਜਵਾਨਾਂ ਦੇ ਹੱਥਾਂ ਵਿੱਚ ਤਿਰੰਗੇ ਝੰਡੇ ਅਤੇ ਭਗਤ ਸਿੰਘ ਦੀ ਫੋਟੋ ਵਾਲੇ ਝੰਡੇ ਵੀ ਚੁੱਕੇ ਹੋਏ ਸਨ। ਹਜ਼ਾਰਾਂ ਨੌਜਵਾਨਾਂ ਵਲੋਂ ਸ਼ਹਿਰ ਤੋਂ ਮੁੱਖ ਮੰਤਰੀ ਦੀ ਕੋਠੀ ਤੱਕ ਰੋਸ ਮਾਰਚ ਵੀ ਕੀਤਾ ਗਿਆ। ਨੌਜਵਾਨਾਂ ਦੀ ਅਗਵਾਈ ਕਰਨ ਵਾਲੇ ਆਗੂਆਂ ਕੁਲਦੀਪ ਸਿੰਘ ਭਵਾਨੀਗੜ੍ਹ, ਮਨਪ੍ਰੀਤ ਸਿੰਘ ਨਮੋਲ, ਅਮਰਜੀਤ ਸਿੰਘ ਚਾਉਕੇ, ਧਰਮਪ੍ਰੀਤ ਸਿੰਘ ਆਲਮਪੁਰ ਮੰਦਰਾਂ, ਕੁਲਦੀਪ ਸਿੰਘ ਫਾਜ਼ਿਲਕਾ, ਨਵਦੀਪ ਸਿੰਘ ਢਿੱਲਵਾਂ, ਕਰਨਵੀਰ ਸਿੰਘ ਗਹਿਲਾਂ, ਦਰਸ਼ਨ ਸਿੰਘ ਮਾਨਸਾ ਆਦਿ ਨੇ ਦੱਸਿਆ ਕਿ ਲਗਪਗ 17 ਮਹੀਨੇ ਪਹਿਲਾਂ ਪੰਜਾਬ ਦੇ 22 ਹਜ਼ਾਰ ਨੌਜਵਾਨਾਂ ਦਾ ਫੌਜ ਵਿਚ ਭਰਤੀ ਹੋਣ ਲਈ ਸਰੀਰਕ ਅਤੇ ਮੈਡੀਕਲ ਟੈਸਟ ਹੋ ਚੁੱਕਿਆ ਹੈ। ਕੇਂਦਰ ਸਰਕਾਰ ਵਲੋਂ ਲਿਖਤੀ ਟੈਸਟ ਨਹੀਂ ਲਿਆ ਜਾ ਰਿਹਾ। ਚਾਰ ਵਾਰ ਲਿਖਤੀ ਟੈਸਟ ਦੀ ਤਰੀਕ ਨਿਸ਼ਚਿਤ ਕਰਕੇ ਰੱਦ ਕੀਤੀ ਜਾ ਚੁੱਕੀ ਹੈ, ਜਿਸ ਕਾਰਨ ਕਈ ਉਮੀਦਵਾਰ ਉਮਰ ਵੀ ਲੰਘਾ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ‘ਅਗਨੀਪਥ’ ਸਕੀਮ ਨੂੰ ਤੁਰੰਤ ਵਾਪਸ ਲਏ ਅਤੇ ਸਰੀਰਕ ਤੇ ਮੈਡੀਕਲ ਟੈਸਟ ਪਾਸ ਕਰ ਚੁੱਕੇ ਨੌਜਵਾਨਾਂ ਦਾ ਭਰਤੀ ਟੈਸਟ ਤੁਰੰਤ ਲਿਆ ਜਾਵੇ।