ਬਰਨਾਲਾ, 21 ਅਕਤੂਬਰ

ਕੈਨੇਡਾ ਦੇ ਸੂਬੇ ਮੌਂਟਰੀਅਲ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਪੰਜਾਬ ਦੇ ਕਿਸਾਨ ਸੰਘਰਸ਼ ਨਾਲ ਇਕਜੁੱਟਤਾ ਦਰਸਾਉਂਦਿਆਂ ਗੁਰਦੁਆਰਾ ਗੁਰੁ ਨਾਨਕ ਦਰਬਾਰ, ਲਾਸਾਲ ਵਿਖੇ ਰੈਲੀ ਅਤੇ ਰੋਸ ਮਾਰਚ ਕੀਤਾ ਗਿਆ। ਇਸ ਰੈਲੀ ਨੂੰ ਪੰਜਾਬ ਤੋਂ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਆਨਲਾਈਨ ਸੰਬੋਧਨ ਕੀਤਾ। ਪਰਮਿੰਦਰ ਸਿੰਘ ਪਾਂਗਲੀ, ਅਮੀਤੋਜ ਸ਼ਾਹ ਤੇ ਵਰੁਣ ਖੰਨਾ ਨੇ ਕਿਹਾ ਕਿ ਪੰਜਾਬ ਦੇ ਲੋਕ ਕਿਸਾਨ ਜਥੇਬੰਦੀਆਂ ਦੇ ਸਾਂਝੇ ਫਰੰਟ ਦੀ ਅਗਵਾਈ ਵਿੱਚ ਸੰਘਰਸ਼ ਦੇ ਰਾਹ ਪਏ ਹੋਏ ਹਨ। ਇਹ ਸੰਘਰਸ਼ ਕੇਂਦਰੀ ਹਕੂਮਤ ਦੇ ਕਿਸਾਨ ਵਿਰੋਧੀ ਅਤੇ ਵੱਡੇ ਦੇਸੀ-ਵਿਦੇਸ਼ੀ ਵਪਾਰੀਆਂ ਅਤੇ ਕਾਰਪੋਰੇਟਾਂ ਪੱਖੀ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਹੈ। ਇਨ੍ਹਾਂ ਕਾਨੂੰਨਾਂ ਦੇ ਅਮਲ ਵਿਚ ਆਉਣ ਨਾਲ ਕਿਸਾਨਾਂ ਦਾ ਵੱਡੀ ਪੱਧਰ ‘ਤੇ ਉਜਾੜਾ ਤੈਅ ਹੈ।

ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਫੌਰੀ ਤੌਰ ‘ਤੇ ਖੇਤੀਬਾੜੀ ਸੁਧਾਰਾਂ ਦੇ ਨਾਂ ‘ਤੇ ਲਿਆਂਦੇ ਗਏ ਤਿੰਨ ਕਾਨੂੰਨ ਅਤੇ ਬਿਜਲੀ ਐਕਟ 2020 ਰੱਦ ਕੀਤੇ ਜਾਣ। ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੇਣ ਲਈ ਨਵਾਂ ਐੱਮਐੱਸਪੀ ਐਕਟ ਬਣਾਇਆ ਜਾਵੇ। ਫ਼ਸਲਾਂ ਦਾ ਐੱਮਐੱਸਪੀ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਅਨੁਸਾਰ ਤੈਅ ਕੀਤਾ ਜਾਵੇ ਅਤੇ ਇਨ੍ਹਾਂ ਫ਼ਸਲੀ ਲਾਗਤਾਂ ਵਿਚ ਰਮੇਸ਼ ਚੰਦ ਕਮੇਟੀ ਵੱਲੋਂ ਗਿਣਾਏ ਹੋਰ ਖ਼ਰਚੇ ਜਮਾਂ ਕੀਤੇ ਜਾਣ।