ਮੁਹਾਲੀ, 10 ਅਕਤੂਬਰ

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਇਥੋਂ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਮਨਜੀਤ ਸਿੰਘ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੰਤਰੀ ਦਾ ਬੁਖਾਰ ਉਤਰ ਨਹੀਂ ਰਿਹਾ ਸੀ, ਜਿਸ ਕਾਰਨ ਉਹਨਾਂ ਨੂੰ ਫੋਰਟਿਸ ਵਿੱਚ ਭਰਤੀ ਕੀਤਾ ਗਿਆ ਹੈ। 6 ਅਕਤੂਬਰ ਨੂੰ ਸਿਹਤ ਮੰਤਰੀ ਨੂੰ ਹਲਕਾ ਬੁਖਾਰ ਅਤੇ ਗਲਾ ਖਰਾਬ ਹੋਣ ‘ਤੇ ਉਨ੍ਹਾਂ ਨੇ ਖੁਦ ਹੀ ਮੁਹਾਲੀ ਦੇ ਫੇਜ-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਕਰੋਨਾ ਦੀ ਜਾਂਚ ਲਈ ਆਪਣਾ ਸੈਂਪਲ ਦਿੱਤਾ ਸੀ ਅਤੇ ਬਾਅਦ ਦੁਪਹਿਰ ਮੰਤਰੀ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਕਾਰਨ ਸ੍ਰੀ ਸਿੱਧੂ ਨੂੰ ਅਗਲੇ 14 ਦਿਨਾਂ ਲਈ ਘਰ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਸੀ। ਦੱਸਿਆ ਗਿਆ ਹੈ ਕਿ ਸਿੱਧੂ ਨੂੰ ਤੇਜ਼ ਬੁਖਾਰ ਹੋਣ ‘ਤੇ ਅੱਜ ਸਥਾਨਕ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।