ਪੰਜਾਬ ਦੀ ਧੀ ਰਾਜਬੀਰ ਕੌਰ ਨੇ ਵਿਦੇਸ਼ ਵਿਚ ਮਾਣ ਵਧਾਇਆ ਹੈ। ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਪਿੰਡ ਥਾਂਦੇਵਾਲਾ ਦੀ ਜੰਮਪਲ ਰਾਜਬੀਰ ਕੌਰ ਨੇ ਕੈਨੇਡਾ ਵਿਚ ਇਤਿਹਾਸ ਸਿਰਜਿਆ ਹੈ। ਉਹ ਕੈਨੇਡਾ ਪੁਲਿਸ ਦੀ ਪਹਿਲੀ ਸਿੱਖ ਦਸਤਾਰਧਾਰੀ ਮਹਿਲਾ ਕੈਡਿਟ (ਅਫ਼ਸਰ) ਬਣ ਗਈ ਹੈ। ਰਾਜਬੀਰ ਕੌਰ ਦਾ ਇਹ ਮਾਣ ਨਾ ਸਿਰਫ਼ ਸ੍ਰੀ ਮੁਕਤਸਰ ਸਾਹਿਬ ਲਈ, ਬਲਕਿ ਸਮੁੱਚੇ ਪੰਜਾਬ ਲਈ ‘ਸ਼ਾਨ’ ਦੀ ਗੱਲ ਹੈ।

ਉਸ ਦੀ ਇਸ ਪ੍ਰਾਪਤੀ ’ਤੇ ਪਿੰਡ ਥਾਂਦੇਵਾਲਾ ‘ਚ ਉਸ ਦੇ ਪਿਤਾ ਇਕੱਤਰ ਸਿੰਘ, ਮਾਤਾ ਕੁਲਵਿੰਦਰ ਕੌਰ ਅਤੇ ਭਰਾ ਬੇਅੰਤ ਸਿੰਘ ਤੇ ਪਿੰਡ ਵਾਸੀਆਂ ਵਿੱਚ ਖ਼ੁਸ਼ੀ ਦੀ ਲਹਿਰ ਹੈ। ਬੇਅੰਤ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਰਾਜਬੀਰ ਕੌਰ ਦਾ ਪੀ ਸੀ ਐੱਸ ਜਾਂ ਪੀ ਪੀ ਐੱਸ ਅਧਿਕਾਰੀ ਬਣਨ ਦਾ ਸੁਪਨਾ ਸੀ ਜੋ ਉਸ ਨੇ ਹੁਣ ਕੈਨੇਡਾ ਦੀ ਪੁਲਿਸ ਵਿੱਚ ਭਰਤੀ ਹੋ ਕੇ ਪੂਰਾ ਕੀਤਾ ਹੈ। ਦਸਤਾਰਧਾਰੀ ਸਿੱਖ ਮਹਿਲਾ ਵਜੋਂ ਪੁਲਿਸ ਫੋਰਸ ਵਿੱਚ ਸ਼ਾਮਲ ਹੋਣਾ, ਸਿੱਖਾਂ ਅਤੇ ਪੰਜਾਬੀਆਂ ਲਈ ਵਿਦੇਸ਼ੀ ਧਰਤੀ ‘ਤੇ ਮਾਣ ਅਤੇ ਪਛਾਣ ਦਾ ਪ੍ਰਤੀਕ ਹੈ।
ਦੱਸ ਦੇਈਏ ਕਿ ਰਾਜਬੀਰ ਕੌਰ ਸਾਲ 2016 ‘ਚ ਵਿਦੇਸ਼ ਗਈ ਸੀ । ਉਸ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਥਾਂਦੇਵਾਲਾ ਦੇ ਹੀ ਨਿਊ ਮਾਡਲ ਸਕੂਲ ਤੋਂ ਪ੍ਰਾਪਤ ਕੀਤੀ। ਮਗਰੋਂ ਦਸਵੀਂ ਸ਼ਿਵਾਲਿਕ ਸਕੂਲ ਮੁਕਤਸਰ, ਬਾਰ੍ਹਵੀਂ ਲੜਕੀਆਂ ਦੇ ਸਕੂਲ ਪਿੰਡ ਸਿੱਧਵਾਂ ਖੁਰਦ ਅਤੇ ਬੀ ਸੀ ਏ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਤੋਂ ਪ੍ਰਾਪਤ ਕਰ ਕੇ ਗੁਰੂ ਗੋਬਿੰਦ ਸਿੰਘ ਗਰਲਜ਼ ਕਾਲਜ ਚੰਡੀਗੜ੍ਹ ਤੋਂ ਐੱਮ ਐੱਸ ਸੀ (ਆਈ ਟੀ) ਪ੍ਰਾਪਤ ਕੀਤੀ। ਰਾਜਬੀਰ ਕੌਰ ਨੇ ਕੈਨੇਡਾ ਵਿੱਚ ਵਾਲਮਾਰਟ ਦੀ ਨੌਕਰੀ ਕਰਦਿਆਂ ਨਾਲ-ਨਾਲ ਕੈਨੇਡਾ ਪੁਲੀਸ ਲਈ ਵੀ ਤਿਆਰੀ ਜਾਰੀ ਰੱਖੀ ਤੇ ਅੱਜ ਆਪਣੀ ਸਖਤ ਮਿਹਨਤ ਤੇ ਲਗਨ ਸਦਕਾ ਰਾਜਬੀਰ ਕੌਰ ਕੈਨੇਡਾ ਪੁਲਿਸ ਵਿਚ ਭਰਤੀ ਹੋ ਗਈ।