ਪਟਿਆਲਾ ਦੇ ਪਿੰਡ ਕੌਰਜੀਵਾਲਾ ਦੀ ਨੂੰਹ ਤਾਨੀਆ ਸੋਢੀ ਨੇ ਕੈਨੇਡਾ ਦੇ ਬਰੋਂਜਵਿਕ ਸੂਬੇ ਦੀ ਮਨੱਕਟੋਨ ਨੌਰਥ ਵੈਸਟ ਵਿਧਾਨ ਸਭਾ ਸੀਟ ਤੋਂ ਕੈਨੇਡਾ ਦੇ ਸਾਬਕਾ ਵਿੱਤ ਮੰਤਰੀ ਏਰੀਨ ਸਟੀਵਸ ਕੰਜਰਵੇਟਿਵ ਪਾਰਟੀ ਨੂੰ ਵੱਡੇ ਅੰਤਰ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਲਿਬਰਲ ਪਾਰਟੀ ਵੱਲੋਂ ਚੋਣ ਲੜ ਰਹੀ ਤਾਨੀਆ ਸੋਢੀ ਨੇ ਲਗਭਗ 47 % ਤੇ ਵਿਰੋਧੀ ਉਮੀਦਵਾਰ ਨੂੰ 43% ਦੇ ਕਰੀਬ ਵੋਟਾਂ ਪਈਆਂ। 49 ਮੈਂਬਰੀ ਵਿਧਾਨ ਸਭਾ ’ਚ ਜਿੱਤਣ ਵਾਲੀ ਉਹ ਇਕਲੌਤੀ ਭਾਰਤੀ ਹੈ। ਵੱਡੀ ਜਿੱਤ ਕਾਰਨ ਉਨ੍ਹਾਂ ਨੂੰ ਸੰਭਾਵਿਤ ਮੰਤਰੀ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਉਹ ਹਰਿੰਦਰਪਾਲ ਸ਼ਰਮਾ ਕੌਰਜੀਵਾਲਾ ਸਾਬਕਾ ਚੇਅਰਮੈਨ ਬ੍ਰਾਹਮਣ ਭਲਾਈ ਬੋਰਡ ਪੰਜਾਬ ਅਤੇ ਬ੍ਰਾਹਮਣ ਵੈਲਫੇਅਰ ਫਰੰਟ ਪੰਜਾਬ ਦੇ ਪ੍ਰਧਾਨ ਦੀ ਨੂੰਹ ਅਤੇ ਕਿਸਾਨਾਂ ਆਗੂ ਡਾ ਦਰਸ਼ਨ ਪਾਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਭਤੀਜ ਨੂੰਹ ਹੈ। ਤਾਨੀਆ ਸੋਢੀ ਦੇ ਪਤੀ ਨਮਨ ਸ਼ਰਮਾ ਪੇਸ਼ੇ ਤੋਂ ਵਕੀਲ ਹਨ ਤੇ ਕਨੈਡਾ ਦੇ ਵਾਸੀ ਹਨ। ਪਟਿਆਲਾ ਦੀ ਇਸ ਧੀ ਦੀ ਇਸ ਉਪਲਬਧੀ ਤੇ ਉਨ੍ਹਾਂ ਜੱਦੀ ਪਿੰਡ ਕੌਰਜੀਵਾਲਾ ਵਿਖੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।