ਨਵੀਂ ਦਿੱਲੀ, 14 ਜਨਵਰੀ
ਪੰਜਾਬ ਦੇ ਉਭਰਦੇ ਕ੍ਰਿਕਟ ਸਟਾਰ ਸ਼ੁਭਮਨ ਗਿੱਲ ਨੂੰ ਨਿਊਜ਼ੀਲੈਂਡ ਦੌਰੇ ਲਈ ਭਾਰਤੀ ਕ੍ਰਿਕਟ ਟੀਮ ਵਿਚ ਸ਼ਾਮਲ ਹੋਕੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਕਰੀਅਰ ਸ਼ੁਰੂ ਕਰਨ ਦਾ ਮੌਕਾ ਮਿਲਿਆ ਹੈ ਅਤੇ ਤਾਮਿਲਨਾਡੂ ਦੇ ਹਰਫ਼ਨਮੌਲਾ ਵਿਜੈ ਸ਼ੰਕਰ ਨੂੰ ਮੁਅੱਤਲ ਹਾਰਦਿਕ ਪਾਂਡਿਆ ਦੀ ਥਾਂ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।
ਸ਼ੁਭਮਨ ਗਿੱਲ ਨਿਊਜ਼ੀਲੈਂਡ ਦੌਰੇ ਉੱਤੇ 23 ਜਨਵਰੀ ਨੂੰ ਜਾਣ ਵਾਲੀ ਟੀਮ ਵਿਚ ਲੁਕੇਸ਼ ਰਾਹੁਲ ਦੀ ਥਾਂ ਲਵੇਗਾ। ਟੀਮ ਨਿਊਜ਼ੀਲੈਂਡ ਵਿਚ ਪੰਜ ਇੱਕ ਰੋਜ਼ਾ ਅੰਤਰਰਾਸ਼ਟਰੀ ਅਤੇ ਤਿੰਨ ਟਵੰਟੀ-20 ਮੈਚਾਂ ਦੀ ਲੜੀ ਖੇਡੇਗੀ। ‘ਕੌਫੀ ਵਿਦ ਕਰਨ’ ਟੀਵੀ ਸ਼ੋਅ ਵਿਚ ਔਰਤਾਂ ਪ੍ਰਤੀ ਭੱਦੀਆਂ ਟਿੱਪਣੀਆਂ ਕਰਨ ਕਾਰਨ ਪਾਂਡਿਆ ਤੇ ਰਾਹੁਲ ਭਾਰਤੀ ਟੀਮ ਵਿਚੋਂ ਮੁਅੱਤਲ ਕੀਤੇ ਗਏ ਹਨ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼ਨਿਚਰਵਾਰ ਰਾਤ ਨੂੰ ਜਾਰੀ ਕੀਤੇ ਬਿਆਨ ਵਿਚ ਕਿਹਾ ਹੈ ਕਿ ਲੁਕੇਸ਼ ਰਾਹੁਲ ਅਤੇ ਹਾਰਦਿਕ ਪਾਂਡਿਆ ਆਸਟਰੇਲੀਆ ਤੋਂ ਵਾਪਿਸ ਆ ਰਹੇ ਹਨ ਅਤੇ ਇਸ ਲਈ ਚੋਣ ਕਮੇਟੀ ਨੇ ਬਦਲ ਦੇ ਵਜੋਂ ਵਿਜੈ ਸ਼ੰਕਰ ਅਤੇ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਭੇਜਣ ਦਾ ਫੈਸਲਾ ਕੀਤਾ ਹੈ। ਬਿਆਨ ਅਨੁਸਾਰ ਵਿਜੈ ਸ਼ੰਕਰ ਐਡੀਲਡ ਵਿਚ ਦੂਜੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਤੋਂ ਪਹਿਲਾਂ ਟੀਮ ਨਾਲ ਜੁੜੇਗਾ ਅਤੇ ਸ਼ੁਭਮਨ ਗਿੱਲ ਨੂੰ ਨਿਊਜ਼ੀਲੈਂਡ ਵਿਚ ਇੱਕ ਰੋਜ਼ਾ ਅਤੇ ਟੀ-20 ਲਈ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਪ੍ਰਤਿਭਾਸ਼ਾਲੀ ਬੱਲੇਬਾਜ਼ ਗਿੱਲ ਦਾ ਭਾਰਤੀ ਟੀਮ ਵਿਚ ਥਾਂ ਲੈਣਾ ਤੈਅ ਮੰਨਿਆ ਜਾ ਰਿਹਾ ਸੀ ਪਰ ਉਸ ਨੂੰ ਆਸ ਤੋਂ ਪਹਿਲਾਂ ਹੀ ਮੌਕਾ ਮਿਲ ਗਿਆ ਹੈ।
ਕੋਲਕਾਤਾ ਨਾਈਟ ਰਾਈਡਰਜ਼ ਵਿਚ ਗਿੱਲ ਦੇ ਕਪਤਾਨ ਦਿਨੇਸ਼ ਕਾਰਤਿਕ ਅਤੇ ਪੰਜਾਬ ਦੀ ਟੀਮ ਦੇ ਸੀਨੀਅਰ ਸਾਥੀ ਯੁਵਰਾਜ ਸਿੰਘ ਉਸ ਦੇ ਭਾਰਤੀ ਟੀਮ ਨਾਲ ਲੰਬੇ ਕਰੀਅਰ ਦੀ ਪਹਿਲਾਂ ਹੀ ਭਵਿੱਖਬਾਣੀ ਕਰ ਚੁੱਕੇ ਹਨ। ਯੁਵਰਾਜ ਨੇ ਕੋਲਕਾਤਾ ਵਿਚ ਰਣਜੀ ਟਰਾਫੀ ਮੈਚ ਦੌਰਾਨ ਟਿੱਪਣੀ ਕਰਦਿਆਂ ਕਿਹਾ ਸੀ ਕਿ ਉਸ ਨੂੰ ਗਿੱਲ ਦੀ ਬੱਲੇਬਾਜ਼ੀ ਦੇਖਣਾ ਪਸੰਦ ਹੈ। ਉਹ ਲੰਬਾ ਸਮਾਂ ਭਾਰਤੀ ਟੀਮ ਦਾ ਹਿੱਸਾ ਰਹਿ ਸਕਦਾ ਹੈ ਪਰ ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਉਸ ਨੂੰ ਕਿਵੇਂ ਸੰਵਾਰਿਆ ਜਾਂਦਾ ਹੈ। ਗਿੱਲ ਪਿਛਲੇ ਮਹੀਨੇ ਨਿਊਜ਼ੀਲੈਂਡ ਦਾ ਦੌਰਾ ਕਰਨ ਵਾਲੀ ਭਾਰਤ ਦੀ (ਏ) ਟੀਮ ਦਾ ਵੀ ਹਿੱਸਾ ਸੀ। ਸ਼ਿਖਰਲੇ ਕ੍ਰਮ ਦਾ ਇਹ ਬੱਲੇਬਾਜ਼ ਬਿਹਤਰੀਨ ਫਰਮ ਵਿਚ ਹੈ ਅਤੇ ਪੰਜਾਬ ਦੇ ਲਈ ਰਣਜੀ ਟਰਾਫੀ ਮੈਚਾਂ ਵਿਚ 98.75 ਦੀ ਔਸਤ ਨਾਲ 790 ਦੌੜਾਂ ਬਣਾ ਚੁੱਕਾ ਹੈ। ਪਿਛਲੇ ਸਾਲ ਨਿਊਜ਼ੀਲੈਂਡ ਵਿਚ ਅੰਡਰ-19 ਵਿਸ਼ਵ ਕੱਪ ਵਿਚ ਭਾਰਤ ਦੀ ਖ਼ਿਤਾਬੀ ਜਿੱਤ ਦੌਰਾਨ ਗਿੱਲ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਸੀ। ਆਸਟਰੇਲੀਆ ਵਿਚ ਸ਼ੁਰੂਆਤ ਕਰਦਿਆਂ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ਵਾਲੇ ਮਯੰਕ ਅਗਰਵਾਲ ਕਰਨਾਟਕ ਟੀਮ ਦੇ ਆਪਣੇ ਸਾਥੀ ਰਾਹੁਲ ਦੀ ਜਗ੍ਹਾ ਲੈਣ ਦਾ ਦਾਅਵੇਦਾਰ ਸੀ ਪਰ ਪਤਾ ਲੱਗਿਆ ਹੈ ਕਿ ਉਹ ਮਮੂਲੀ ਜ਼ਖ਼ਮੀ ਹੈ।ਵਿਜੈ ਸ਼ੰਕਰ ਨੂੰ ਸ੍ਰੀਲੰਕਾ ਦੇ ਵਿਚ ਟੀ-20 ਨਿਦਾਹਸ ਟਰਾਫੀ ਤੋਂ ਬਾਅਦ ਦੂਜੀ ਵਾਰ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਤੇ ਉਸ ਨੇ ਵੀ ਨਿਊਜ਼ੀਲੈਂਡ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਵਿਚ ਉਹ ਸ਼ਿਖ਼ਰਲਾ ਸਕੋਰਰ ਸੀ।