ਚੰਡੀਗੜ੍ਹ, 29 ਅਗਸਤ

ਓਲੰਪਿਕ ਚੈਂਪੀਅਨ ਨੀਰਜ ਚੋਪੜਾ ਦੇ ਅੱਜ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ’ਚ ਸੋਨ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਬਨਣ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵਧਾਈ ਦਿੱਤੀ। ਸ੍ਰੀ ਮਾਨ ਨੇ ਟਵੀਟ ਕਰਕੇ ਕਿਹਾ ਕਿ ਨੀਰਜ ਨੇ 88.17 ਮੀਟਰ ਦੂਰ ਨੇਜ਼ਾ ਸੁੱਟ ਕੇ ਸੋਨ ਤਮਗਾ ਭਾਰਤ ਦੇ ਨਾਮ ਕੀਤਾ ਹੈ। ਇਸ ਲਈ ਹਰੇਕ ਦੇਸ਼ ਵਾਸੀ ਨੂੰ ਨੀਰਜ ’ਤੇ ਮਾਨ ਰਹੇਗਾ। ਦੂਜੇ ਪਾਸੇ ਮਨੋਹਰ ਲਾਲ ਖੱਟਰ ਨੇ ਅੱਜ ਹਰਿਆਣਾ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਦੂਜੇ ਦਿਨ ਸ਼ੁਰੂਆਤ ’ਚ ਹੀ ਨੀਰਜ ਚੋਪੜਾ ਦੀ ਕਾਮਯਾਬੀ ’ਤੇ ਵਧਾਈ ਦਿੱਤੀ। ਇਸੇ ਦੌਰਾਨ ਹਰਿਆਣਾ ਦੇ ਸਾਰੇ ਵਿਧਾਇਕਾਂ ਨੇ ਵੀ ਨੀਰਜ ਚੋਪੜਾ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਨੀਰਜ ਚੋਪੜਾ ਦੇ ਪਾਣੀਪਤ ਸਥਿੱਤ ਘਰ ’ਚ ਜਸ਼ਨ ਦਾ ਮਾਹੌਲ ਹੈ। ਲੋਕਾਂ ਵੱਲੋਂ ਪਰਿਵਾਰ ਨੂੰ ਵਧਾਈਆਂ ਦਿੱਤੀ ਜਾ ਰਹੀਆਂ ਹਨ। ਪਰਿਵਾਰ ਵੱਲੋਂ ਲੋਕਾਂ ਤੇ ਨੀਰਜ ਚੋਪੜਾ ਦੇ ਪ੍ਰਸ਼ੰਸਕਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ।