ਚੰਡੀਗੜ੍ਹ, 19 ਅਪਰੈਲ
ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿਚ ਰਾਤ ਸਮੇਂ ਪਏ ਮੀਂਹ ਨੇ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਰਾਹਤ ਦਿਵਾਈ ਪਰ ਕਣਕ ਦੀ ਵਾਢੀ ਦਾ ਸੀਜ਼ਨ ਹੋਣ ਕਾਰਨ ਕਿਸਾਨ ਚਿੰਤਤ ਰਹੇ। ਕਈ ਥਾਵਾਂ ’ਤੇ ਮੰਡੀਆਂ ’ਚ ਲਿਆਂਦੀ ਕਣਕ ਅਸਮਾਨ ਹੇਠ ਪਈ ਹੋਣ ਕਾਰਨ ਭਿੱਜ ਗਈ। ਚੰਡੀਗੜ੍ਹ ਵਿੱਚ 2.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਪੰਜਾਬ ਵਿੱਚ ਲੁਧਿਆਣਾ ਵਿੱਚ 13.2, ਪਟਿਆਲਾ ਵਿੱਚ 2.5, ਬਠਿੰਡਾ ਵਿੱਚ 5.4, ਫਰੀਦਕੋਟ ਵਿੱਚ 8.4, ਹੁਸ਼ਿਆਰਪੁਰ ਵਿੱਚ 4, ਜਲੰਧਰ ਵਿੱਚ 3 ਅਤੇ ਰੂਪਨਗਰ ਵਿੱਚ 11.5 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਹਰਿਆਣਾ ਦੇ ਅੰਬਾਲਾ, ਕੁਰੂਕਸ਼ੇਤਰ ਅਤੇ ਪੰਚਕੂਲਾ ਵਿੱਚ ਵੀ ਹਲਕੀ ਬਾਰਸ਼ ਹੋਈ ਹੈ। ਦੋਵੇਂ ਰਾਜਾਂ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਰਿਕਾਰਡ ਕੀਤਾ ਜਾ ਰਿਹਾ ਹੈ।