ਰੂੜੇਕੇ ਕਲਾਂ, 16 ਅਗਸਤ
ਆਮ ਆਦਮੀ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਦੀ ਡਿਊਟੀ ਚੱਲ ਰਹੇ ਮੌਜੂਦਾ ਵਿਵਾਦ ਨੂੰ ਸੁਲਝਾਉਣ ਲਈ ਲਗਾਏਗੀ ਤਾਂ ਉਹ ਪੰਜਾਬ ਤੇ ਪਾਰਟੀ ਦੇ ਭਲੇ ਲਈ ਕਿਸੇ ਦੇ ਵੀ ਪੈਰ ਫੜਨ ਨੂੰ ਤਿਆਰ ਹਨ।
ਹਲਕਾ ਭਦੌੜ ਦੇ ਪਿੰਡ ਪੱਖੋ ਕਲਾਂ ’ਚ ਸ੍ਰੀ ਮਾਨ ਨੇ ਆਖਿਆ ਕਿ ‘ਆਪ’ ਦੀ ਪਾਟੋਧਾੜ ਤੋਂ ਵਿਰੋਧੀ ਪਾਰਟੀਆਂ ਜ਼ਿਆਦਾ ਖੁਸ਼ਫ਼ਹਿਮੀ ਵਿਚ ਨਾ ਰਹਿਣ ਤੇ ਉਮੀਦ ਹੈ ਪਾਰਟੀ ਦਾ ਇਹ ਵਿਵਾਦ ਜਲਦੀ ਠੱਲ੍ਹਿਆ ਜਾਵੇਗਾ। ਉਨ੍ਹਾਂ ਇਸ ਮੌਕੇ ਜਿੱਥੇ ਅਕਾਲੀਆਂ ਤੇ ਕਾਂਗਰਸੀਆਂ ਨੂੰ ਚੰਗੇ ਰਗੜੇ ਲਾਏ ਉੱਥੇ ਖਹਿਰਾ ਤੇ ਬਾਗੀ ਵਿਧਾਇਕਾਂ ਖ਼ਿਲਾਫ਼ ਕੁਝ ਵੀ ਬੋਲਣ ਤੋਂ ਗੁਰੇਜ਼ ਕੀਤਾ। ਪੱਤਰਕਾਰਾਂ ਵੱਲੋਂ ਖਹਿਰਾ ਤੇ ਬਾਗੀ ਵਿਧਾਇਕਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਅਨੁਸ਼ਾਸਨੀ ਕਾਰਵਾਈ ਦੀ ਲੋੜ ਹੀ ਨਾ ਪਵੇ, ਕਿਉਂਕਿ ਉਨ੍ਹਾਂ ਨੇ ਅਜੇ ਵੀ ਉਮੀਦ ਦਾ ਪੱਲਾ ਨਹੀਂ ਛੱਡਿਆ। ਪਿਛਲੇ ਦਿਨੀਂ ਵਾਈਰਲ ਹੋਈ ਆਡੀਓ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਹ ਗੱਲ ਪਹਿਲਾਂ ਹੀ ਫੂਲਕਾ ਸਾਹਿਬ ਦੇ ਧਿਆਨ ਵਿੱਚ ਲਿਆ ਦਿੱਤੀ ਸੀ ਕਿਉਂਕਿ ਉਸ ਸਮੇਂ ਵਿਰੋਧ ਕਰਨ ਵਾਲੇ ਵਰਕਰਾਂ ਦੀ ਗੱਲ ਸੁਣਨੀ ਵੀ ਜ਼ਰੂਰੀ ਸੀ। ਇਸ ਤੋਂ ਪਹਿਲਾਂ ਹਲਕਾ ਬਰਨਾਲਾ ਤੋਂ ‘ਆਪ’ ਦੇ ਵਿਧਾਇਕ ਮੀਤ ਹੇਅਰ ਨੇ ਆਪਣੇ ਭਾਸ਼ਣ ਦੌਰਾਨ ਭਾਵੇਂ ਕਿਸੇ ਦਾ ਨਾ ਨਹੀਂ ਲਿਆ ਪਰ ਪਾਰਟੀ ਤੇ ਪੰਜਾਬ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਸ੍ਰੀ ਮਾਨ ਨੇ ਪੱਖੋ ਕਲਾਂ ਤੋਂ ਇਲਾਵਾ ਰੂੜੇਕੇ ਖੁਰਦ ’ਚ ਵੀ ਸੰਬੋਧਨ ਕੀਤਾ ਤੇ ਪਿੰਡ ਦੀਆਂ ਮੰਗਾਂ ਪ੍ਰਵਾਨ ਕੀਤੀਆਂ। ਇਸ ਮੌਕੇ ਚਰਨਜੀਤ ਸਿੰਘ ਧਾਲੀਵਾਲ, ਤੇਜਾ ਸਿੰਘ ਤਰਕਸ਼ੀਲ ਤੇ ਰੌਸ਼ਨ ਨਾਲ ਹਾਜ਼ਰ ਸਨ।

ਮਾਨ ਨੂੰ ਘੇਰਨ ਵਾਲੇ ‘ਆਪ’ ਵਰਕਰਾਂ ਖ਼ਿਲਾਫ਼ ਕੇਸ ਦਰਜ

ਮਹਿਲ ਕਲਾਂ : ਕੱਲ੍ਹ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਪੰਡੋਰੀ ਦੇ ਪਿਤਾ ਦੇ ਅੰਤਿਮ ਸਸਕਾਰ ਮਗਰੋਂ ਭਗਵੰਤ ਮਾਨ ’ਤੇ ਸਵਾਲਾਂ ਦੀ ਝੜੀ ਲਾਉਣ ਵਾਲੇ ਬਾਗੀ ‘ਆਪ’ ਵਰਕਰਾਂ ਖ਼ਿਲਾਫ਼ ਕੇਸ ਦਰਜ ਹੋ ਗਿਆ ਹੈ। ਥਾਣਾ ਮਹਿਲ ਕਲਾਂ ਦੇ ਐੱਸਐੱਚਓ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸੰਸਦ ਮੈਂਬਰ ਦੇ ਨਿੱਜੀ ਸੁਰੱਖਿਆ ਅਫਸਰ ਲਖਵੀਰ ਸਿੰਘ ਦੀ ਸ਼ਿਕਾਇਤ ’ਤੇ ਸਾਬਕਾ ਸਰਪੰਚ ਨਿਰਮਲ ਸਿੰਘ ਛੀਨੀਵਾਲ, ਕਰਮਜੀਤ ਸਿੰਘ ਉੱਪਲ, ਪਰਗਟ ਸਿੰਘ ਮਹਿਲ ਖੁਰਦ, ਗਗਨ ਸਰਾਂ ਅਤੇ ਅਮਨਦੀਪ ਸਿੰਘ ਟੱਲੇਵਾਲ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ‘ਆਪ’ ਦੇ ਬਾਗੀ ਵਰਕਰ ਅਮਨਦੀਪ ਸਿੰਘ ਟੱਲੇਵਾਲ ਨੇ ਕਿਹਾ ਕਿ ਉਹ ਆਪਣਾ ਰੁਜ਼ਗਾਰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਉਦੋਂ ਤੋਂ ਕੰਮ ਕਰ ਰਹੇ ਹਨ ਜਦ ਭਗਵੰਤ ਮਾਨ ਵੀ ਪਾਰਟੀ ਨਾਲ ਨਹੀਂ ਜੁੜੇ ਸਨ ਅਤੇ ਉਨ੍ਹਾਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿੱਚ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਜਿਤਾ ਕੇ ਭੇਜੇ ਪਰ ਹੁਣ ਸਾਡੇ ਹੀ ਆਗੂ ਸਿਰਫ਼ ਸਵਾਲ ਕਰਨ ’ਤੇ ਕੇਸ ਦਰਜ ਕਰਵਾ ਰਹੇ ਹਨ।