ਮੋਗਾ: ਪੰਜਾਬ ਦੇ ਮੋਗਾ ਵਿੱਚ ਵੀਰਵਾਰ ਰਾਤ ਕਰੀਬ 10 ਵਜੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਮੰਗਤ ਰਾਏ ਮੰਗਾ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮੰਗਤ ਰਾਏ ਰਾਤ ਨੂੰ ਮੋਗਾ ਦੇ ਗਿੱਲ ਪੈਲੇਸ ਨੇੜੇ ਇਕ ਡੇਅਰੀ ‘ਤੇ ਦੁੱਧ ਇਕੱਠਾ ਕਰਨ ਆਇਆ ਸੀ। ਇਸ ਦੌਰਾਨ ਤਿੰਨ ਬਦਮਾਸ਼ਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ 11 ਸਾਲਾ ਬੱਚੇ ਨੂੰ ਗੋਲੀ ਲੱਗੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮੰਗਤਰਾਮ ਮੰਗਾ ਪੁੱਤਰ ਧਰਮ ਸਿੰਘ ਵਾਸੀ ਇੰਦਰਾ ਕਲੋਨੀ ਵੀਰਵਾਰ ਦੇਰ ਸ਼ਾਮ ਸਟੇਡੀਅਮ ਰੋਡ ਰਾਹੀਂ ਆਪਣੇ ਘਰ ਨੂੰ ਜਾ ਰਿਹਾ ਸੀ। ਸਟੇਡੀਅਮ ਰੋਡ ‘ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਮੰਗਤਰਾਮ ਮੰਗਾ ਨੂੰ ਗੋਲੀਆਂ ਲੱਗੀਆਂ। ਮੰਗਤਰਾਮ ਗੰਭੀਰ ਹਾਲਤ ‘ਚ ਸਟੇਡੀਅਮ ਰੋਡ ‘ਤੇ ਡਿੱਗ ਪਿਆ। ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਉਸ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ। ਇਸ ਘਟਨਾ ਦੌਰਾਨ ਦੁੱਧ ਲੈ ਕੇ ਜਾ ਰਿਹਾ ਥਾਮਸ ਨਾਂ ਦਾ 11 ਸਾਲਾ ਲੜਕਾ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ।

ਮ੍ਰਿਤਕ ਦੀ ਪਤਨੀ ਰੇਣੂ ਨੇ ਦੱਸਿਆ ਕਿ ਮੰਗਤ ਰਾਮ ਰਾਤ ਕਰੀਬ ਨੌਂ ਵਜੇ ਘਰੋਂ ਦੁੱਧ ਲੈਣ ਗਿਆ ਸੀ ਪਰ ਘਰ ਨਹੀਂ ਪੁੱਜਿਆ ਤਾਂ ਉਨ੍ਹਾਂ ਨੂੰ ਗੋਲੀ ਮਾਰ ਕੇ ਕਤਲ ਕਰਨ ਦੀ ਸੂਚਨਾ ਮਿਲੀ। ਉਸ ਦੀਆਂ ਤਿੰਨ ਧੀਆਂ ਹਨ। ਪੰਜਾਬ ਵਿੱਚ ਹਰ ਰੋਜ਼ ਕਿਤੇ ਨਾ ਕਿਤੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਸੂਬੇ ਵਿੱਚ ਕਤਲ ਅਤੇ ਚੋਰੀਆਂ ਆਮ ਹੋ ਗਈਆਂ ਹਨ।