ਬਲਾਚੌਰ, ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ਪਾਉਣ ਲਈ ਸਨਅਤੀ ਹੁਲਾਰੇ ਦੀ ਵੱਡੀ ਲੋੜ ਹੈ। ਮਨਪ੍ਰੀਤ ਬਾਦਲ ਅੱਜ ਇੱਥੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਰੈਲਮਾਜਰਾ ’ਚ ਮੈਕਸ ਸਪੈਸ਼ੈਲਿਟੀ ਫਿਲਮਜ਼ ਲਿਮਟਿਡ ਦੇ ਅਤਿ-ਆਧੁਨਿਕ ਪਲਾਂਟ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਤਰ੍ਹਾਂ ਦੇ ਵੱਡੇ ਨਿਵੇਸ਼ਾਂ ਦੀ ਭਾਰੀ ਲੋੜ ਹੈ, ਕਿਉਂਕਿ ਇਸ ਨਾਲ ਟੈਕਸਾਂ ਦੇ ਰੂਪ ’ਚ ਮਾਲੀਆ ਵਧਣ ਦੇ ਨਾਲ ਨਾਲ ਰੁਜ਼ਗਾਰ ਦੇ ਮੌਕੇ ਵੀ ਵਧਣਗੇ। ਉਨ੍ਹਾਂ ਮੈਕਸ ਗਰੁੱਪ ਦੇ ਚੇਅਰਮੈਨ ਭਾਈ ਅਨਲਜੀਤ ਸਿੰਘ ਨਾਲ ਆਪਣੀ ਪੁਰਾਣੀ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਸਨਅਤੀ ਵਿਕਾਸ ਵਿੱਚ ਉਨ੍ਹਾਂ ਦਾ ਯੋਗਦਾਨ ਸ਼ਲਾਘਾਯੋਗ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਨੂੰ ਇਸ ਮੌਕੇ ਖੇਤੀ ਅਰਥਚਾਰੇ ਤੋਂ ਉੱਪਰ ਉੱਠ ਕੇ ਬੰਦ ਪਈਆਂ ਮੰਡੀ ਗੋਬਿੰਦਗੜ੍ਹ, ਲੁਧਿਆਣਾ, ਫਿਲੌਰ ਤੇ ਫਗਵਾੜਾ ਆਦਿ ਦੀਆਂ ਸਨਅਤੀ ਇਕਾਈਆਂ ਨੂੰ ਮੁੜ ਤੋਂ ਸ਼ੁਰੂ ਕਰਵਾ ਕੇ ਸੂਬੇ ਨੂੰ ਤਰੱਕੀ ਦੇ ਰਾਹ ਪਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਪੰਜਾਬ ਨੂੰ ਮੁੜ ਤੋਂ ਖੁਸ਼ਹਾਲੀ ਦੇ ਰਸਤੇ ’ਤੇ ਮੋੜ ਕੇ ਲਿਆਉਣ ਦੇ ਯਤਨਾਂ ਵਿੱਚ ਹੈ ਅਤੇ ਇਸ ਵਿੱਚ ਕਾਮਯਾਬੀ ਵੀ ਮਿਲ ਰਹੀ ਹੈ।
ਉਨ੍ਹਾਂ ਕਿਹਾ ਕਿ ਪੁਰਾਣੇ ਵੇਲਿਆਂ ’ਚ ਬਾਹਰੀ ਹਮਲਾਵਰਾਂ ਤੋਂ ਦੇਸ਼ ਦੀ ਰਾਖੀ ਕਰਨ ਵਾਲੇ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਦਾ ਅਨਾਜ ਭੰਡਾਰ ਭਰਨ ਵਾਲੇ ਇਸ ਸੂਬੇ ਨੂੰ ਕੇਂਦਰ ਤੋਂ ਬਣਦਾ ਮਾਣ ਤੇ ਸਤਿਕਾਰ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਹੁਣ ਸਾਨੂੰ ਖੇਤੀ ਉਤਪਾਦਨ ’ਚ ਮੋਹਰੀ ਬਣਨ ਤੋਂ ਬਾਅਦ ਸਰਵਿਸ ਅਤੇ ਉਦਯੋਗਿਕ ਖੇਤਰਾਂ ’ਚ ਹੱਕ ਮੰਗਣਾ ਚਾਹੀਦਾ ਹੈ। ਸਮਾਗਮ ਨੂੰ ਮੈਕਸ ਸਪੈਸ਼ਲਿਟੀ ਫਿਲਮਜ਼ ਦੇ ਪ੍ਰਬੰਧ ਨਿਰਦੇਸ਼ਕ ਸਾਹਿਲ ਬਾਛਾਨੀ, ਮੁੱਖ ਕਾਰਜਕਾਰੀ ਅਧਿਕਾਰੀ ਰਵਨੀਤ ਜੈਨ ਨੇ ਵੀ ਸੰਬੋਧਨ ਕੀਤਾ
ਇਸ ਮੌਕੇ ਬਲਾਚੌਰ ਦੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੀ ਮੰਗ ’ਤੇ ਵਿੱਤ ਮੰਤਰੀ ਨੇ ਭਰੋਸਾ ਦਿੱਤਾ ਕਿ ਕੰਢੀ ਖੇਤਰ ਵਿੱਚ ਲਾਏ ਜਾਣ ਵਾਲੇ ਸਿੰਜਾਈ ਟਿਊਬਵੈਲਾਂ ਤੇ ਜੰਗਲੀ ਜਾਨਵਰਾਂ ਤੋਂ ਬਚਾਅ ਲਈ ਕੰਡਿਆਲੀ ਤਾਰ ਲਈ ਲੋੜੀਂਦੇ ਫੰਡ ਜਾਰੀ ਕਰ ਦਿੱਤੇ ਜਾਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ, ਐਸਐੱਸਪੀ ਸਤਿੰਦਰ ਸਿੰਘ, ਯੂਥ ਆਗੂ ਅਜੇ ਮੰਗੂਪੁਰ ਅਤੇ ਮੈਕਸ ਗਰੁੱਪ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ ਵੀ ਹਾਜ਼ਿਰ ਸਨ।