ਚੰਡੀਗੜ੍ਹ/ਪਟਿਆਲਾ, 4 ਜਨਵਰੀ

ਪੰਜਾਬ ਵਿੱਚ ਲਗਾਤਾਰ ਵੱਧ ਰਹੇ ਕਰੋਨਾ ਕੇਸਾਂ ਕਾਰਨ ਰਾਜ ਸਰਕਾਰ ਨੇ 15 ਜਨਵਰੀ ਤੱਕ ਪਾਬੰਦੀਆਂ ਦਾ ਘੇਰਾ ਵਧਾ ਦਿੱਤਾ ਹੈ। ਇਸ ਤਹਿਤ ਸੂਬੇ ਵਿੱਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਾਗੂ ਕਰ ਦਿੱਤਾ ਹੈ। ਇਹ ਆਦੇਸ਼ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਜਾਰੀ ਕੀਤੇ ਹਨ। ਸਰਕਾਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਸੂਬੇ ਵਿੱਚ ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਸਿੱਖਿਆ ਅਦਾਰਿਆਂ ਨੂੰ ਬੰਦ ਕਰਕੇ ਆਨਲਾਈਨ ਪੜ੍ਹਾਈ ਕਰਵਾਉਣ ਦੇ ਹੁਕਮ ਦਿੱਤੇ ਹਨ, ਜਦੋਂ ਕਿ ਮੈਡੀਕਲ ਅਤੇ ਨਰਸਿੰਗ ਕਾਲਜਾਂ ਵਿੱਚ ਕੰਮਕਾਜ ਜਾਰੀ ਰਹੇਗਾ। ਇਸ ਤੋਂ ਇਲਾਵਾ ਸਾਰੇ ਬਾਰ, ਸਿਨੇਮਾ ਘਰ, ਮਲਟੀਪਲੈਕਸ ਮਾਲਜ਼, ਸਪਾ, ਮਿਊਜ਼ੀਅਮ ਵੀ 50 ਫ਼ੀਸਦ ਸਮਰੱਥਾਂ ਨਾਲ ਖੋਲ੍ਹਣਗੇ। ਸਰਕਾਰ ਨੇ ਸਾਰੇ ਸਪੋਰਟਸ ਕੰਪਲੈਕਸ, ਸਵੀਮਿੰਗ ਪੂਲ, ਜਿੰਮ ਨੂੰ ਵੀ ਆਮ ਲੋਕਾਂ ਲਈ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਸਰਕਾਰੀ ਅਤੇ ਨਿੱਜੀ ਦਫ਼ਤਰਾਂ ਵਿੱਚ ਵੀ ਮੁਕੰਮਲ ਟੀਕਾਕਰਨ ਵਾਲਾ ਸਟਾਫ਼ ਹਾਜ਼ਰ ਹੋ ਸਕੇਗਾ। ਸੂਬੇ ਦੇ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ ਗਿਆ ਹੈ।