ਚੰਡੀਗੜ੍ਹ, 24 ਅਗਸਤ
ਹਿਮਾਚਲ ਪ੍ਰਦੇਸ਼ ’ਚ ਪਏ ਤੇਜ਼ ਮੀਂਹ ਕਾਰਨ ਪੰਜਾਬ ਵਿਚ ਤੀਜੀ ਵਾਰ ਹੜ੍ਹ ਆਉਣ ਦਾ ਖ਼ਤਰਾ ਬਣ ਗਿਆ ਹੈ। ਪਹਾੜਾਂ ’ਤੇ ਪਏ ਮੀਂਹ ਕਾਰਨ ਪੰਜਾਬ ਹੁਣ ਹਾਈ ਅਲਰਟ ’ਤੇ ਹੈ। ਆਉਂਦੇ 24 ਘੰਟੇ ਸੂਬੇ ਲਈ ਕਾਫ਼ੀ ਅਹਿਮ ਦੱਸੇ ਜਾ ਰਹੇ ਹਨ ਕਿਉਂਕਿ ਡੈਮਾਂ ਵਿਚ ਪਹਾੜਾਂ ਤੋਂ ਪਾਣੀ ਦੀ ਆਮਦ ’ਚ ਇਕਦਮ ਵਾਧਾ ਹੋ ਗਿਆ ਹੈ। ਪੰਜਾਬ ਸਰਕਾਰ ਨੂੰ ਡਰ ਹੈ ਕਿ ਪਿਛਲੇ ਦਿਨਾਂ ਵਾਂਗ ਪਹਾੜਾਂ ਤੋਂ ਅਣਕਿਆਸੀ ਮਾਤਰਾ ’ਚ ਡੈਮਾਂ ਵਿਚ ਪਾਣੀ ਆਇਆ ਤਾਂ ਹੜ੍ਹਾਂ ਦੇ ਨਵੇਂ ਖ਼ਤਰੇ ਨੂੰ ਟਾਲਣਾ ਮੁਸ਼ਕਲ ਹੋ ਜਾਵੇਗਾ। ਪੰਜਾਬ ਵਿਚ 9 ਅਤੇ 10 ਜੁਲਾਈ ਨੂੰ ਆਏ ਹੜ੍ਹ ਕਾਰਨ ਹਾਲਾਤ ਅਜੇ ਸੰਭਲੇ ਨਹੀਂ ਸਨ ਕਿ ਦੂਸਰੇ ਹੜ੍ਹ ਨੇ ਹੱਲਾ ਬੋਲ ਦਿੱਤਾ ਸੀ। ਹੁਣ ਜਦੋਂ ਦੂਸਰੇ ਹੜ੍ਹਾਂ ਦਾ ਪਾਣੀ ਘਟਣਾ ਸ਼ੁਰੂ ਹੋਇਆ ਹੈ ਤਾਂ ਡੈਮਾਂ ਵਿਚ ਵਧੇ ਪਾਣੀ ਨੇ ਨਵਾਂ ਖ਼ਤਰਾ ਖੜ੍ਹਾ ਕਰ ਦਿੱਤਾ ਹੈ।
ਮੌਸਮ ਵਿਭਾਗ ਨੇ ਪੰਜਾਬ ਵਿਚ ਵੀ ਆਉਂਦੇ ਤਿੰਨ-ਚਾਰ ਦਿਨ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਬੀਤੇ 24 ਘੰਟਿਆਂ ਵਿਚ ਸੂਬੇ ਵਿਚ 186.03 ਐੱਮਐੱਮ ਵਰਖਾ ਹੋਈ ਹੈ। ਸੂਬੇ ’ਚ ਏਨੇ ਪੁਖ਼ਤਾ ਪ੍ਰਬੰਧ ਨਹੀਂ ਹਨ ਕਿ ਉਹ ਤਾਜ਼ੇ ਹੜ੍ਹਾਂ ਦੀ ਮਾਰ ਝੱਲਣ ਦੇ ਸਮਰੱਥ ਹੋਵੇ। ਅੰਮ੍ਰਿਤਸਰ, ਫ਼ਿਰੋਜ਼ਪੁਰ, ਫ਼ਤਿਹਗੜ੍ਹ ਸਾਹਿਬ, ਫ਼ਾਜ਼ਿਲਕਾ, ਗੁਰਦਾਸਪੁਰ, ਮੋਗਾ, ਪਟਿਆਲਾ, ਰੋਪੜ ਅਤੇ ਤਰਨ ਤਾਰਨ ਵਿਚ ਮੀਂਹ ਪਿਆ ਹੈ। ਫ਼ਾਜ਼ਿਲਕਾ ਜ਼ਿਲ੍ਹੇ ਵਿਚ ਇੱਕ ਵਿਅਕਤੀ ਹੜ੍ਹ ਦੇ ਪਾਣੀ ਵਿਚ ਰੁੜ੍ਹ ਗਿਆ ਹੈ। ਫ਼ਾਜ਼ਿਲਕਾ ਦੇ ਦਰਜਨਾਂ ਪਿੰਡਾਂ ਵਿਚ ਹੜ੍ਹਾਂ ਦਾ ਕਹਿਰ ਜਾਰੀ ਹੈ। ਪਸ਼ੂ ਧਨ ਅਤੇ ਘਰਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ।
ਡੈਮਾਂ ਵਿਚ ਪਾਣੀ ਖ਼ਤਰੇ ਦੇ ਨਿਸ਼ਾਨ ਵੱਲ ਮੁੜ ਵਧਣ ਲੱਗਾ ਹੈ। ਪਿਛਲੇ ਦਿਨਾਂ ਵਿਚ ਡੈਮਾਂ ਤੋਂ ਪਾਣੀ ਛੱਡ ਕੇ ਪਾਣੀ ਦਾ ਪੱਧਰ ਕਾਫ਼ੀ ਘਟਾਇਆ ਗਿਆ ਸੀ ਤਾਂ ਜੋ ਪਹਾੜਾਂ ’ਚੋਂ ਆਉਣ ਵਾਲੇ ਨਵੇਂ ਪਾਣੀ ਨੂੰ ਝੱਲਿਆ ਜਾ ਸਕੇ। ਭਾਖੜਾ ਡੈਮ ਵਿਚ ਕਰੀਬ ਦੋ ਫੁੱਟ ਪਾਣੀ ਦਾ ਪੱਧਰ ਵਧ ਗਿਆ ਹੈ। ਅੱਜ ਪਾਣੀ ਦਾ ਪੱਧਰ 1674.18 ਫੁੱਟ ’ਤੇ ਪਹੁੰਚ ਗਿਆ ਜੋ ਲੰਘੇ ਕੱਲ੍ਹ 1672.29 ਫੁੱਟ ਸੀ। ਕੁੱਝ ਦਿਨ ਪਹਿਲਾਂ ਭਾਖੜਾ ਡੈਮ ਦਾ ਪਾਣੀ 1678.6 ਫੁੱਟ ਨੂੰ ਛੂਹ ਗਿਆ ਸੀ। ਭਾਖੜਾ ਡੈਮ ਵਿਚ ਅੱਜ ਪਹਾੜਾਂ ’ਚੋਂ 1.28 ਲੱਖ ਕਿਊਸਿਕ ਪਾਣੀ ਆ ਰਿਹਾ ਹੈ ਜਿਸ ਦੀ ਮਾਤਰਾ ਦੋ ਦਿਨ ਪਹਿਲਾਂ ਸਿਰਫ਼ 36 ਹਜ਼ਾਰ ਕਿਊਸਿਕ ਰਹਿ ਗਈ ਸੀ। ਪੌਂਗ ਡੈਮ ਵਿਚ ਪਾਣੀ ਦਾ ਪੱਧਰ 1390.9 ਫੁੱਟ ’ਤੇ ਪਹੁੰਚ ਗਿਆ ਜੋ ਕੱਲ੍ਹ ਤੱਕ 1389.65 ਫੁੱਟ ਸੀ। ਪੌਂਗ ਡੈਮ ਵਿਚ ਪਹਾੜਾਂ ਤੋਂ ਪਾਣੀ ਦੀ ਮਾਤਰਾ ਦੁਪਹਿਰ ਤੋਂ ਪਹਿਲਾਂ 1.93 ਲੱਖ ਕਿਊਸਿਕ ’ਤੇ ਪਹੁੰਚ ਗਈ ਸੀ ਜੋ ਤਿੰਨ ਵਜੇ ਮੁੜ 1.38 ਲੱਖ ਕਿਊਸਿਕ ’ਤੇ ਆ ਗਈ। ਦੋ ਦਿਨ ਪਹਿਲਾਂ ਪੌਂਗ ਡੈਮ ਵਿਚ ਪਾਣੀ ਦੀ ਆਮਦ 23 ਹਜ਼ਾਰ ਕਿਊਸਿਕ ਹੀ ਸੀ।
ਪੌਂਗ ਡੈਮ ਤੋਂ ਬਿਆਸ ਦਰਿਆ ਵਿਚ ਪਾਣੀ 67340 ਕਿਊਸਿਕ ਅਤੇ ਭਾਖੜਾ ਡੈਮ ਤੋਂ ਸਤਲੁਜ ਵਿਚ 58400 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਪਹਾੜਾਂ ਤੋਂ ਪਾਣੀ ਦੀ ਮਾਤਰਾ ਜ਼ਿਆਦਾ ਵਧਦੀ ਹੈ ਤਾਂ ਡੈਮਾਂ ’ਚੋਂ ਮੁੜ ਵੱਧ ਪਾਣੀ ਛੱਡਣਾ ਮਜਬੂਰੀ ਬਣ ਜਾਵੇਗਾ ਜਿਸ ਨਾਲ ਪੰਜਾਬ ਨੂੰ ਮੁੜ ਨਵਾਂ ਡੋਬਾ ਝੱਲਣਾ ਪੈ ਸਕਦਾ ਹੈ। ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਜੇਕਰ ਭਲਕੇ ਹਿਮਾਚਲ ਵਿਚ ਭਾਰੀ ਮੀਂਹ ਪਿਆ ਤਾਂ ਡੈਮਾਂ ’ਚੋਂ ਆਉਂਦੇ ਦਿਨਾਂ ਵਿਚ ਮੁੜ ਦਰਿਆਵਾਂ ਵਿਚ ਪਾਣੀ ਛੱਡਣਾ ਪੈ ਸਕਦਾ ਹੈ।