ਚੰਡੀਗੜ੍ਹ : ਪੰਜਾਬ ‘ਚ ਸੀਤ ਲਹਿਰ ਅਤੇ ਧੁੰਦ ਕਾਰਨ ਠੰਢ ਹੋਰ ਵੱਧ ਰਹੀ ਹੈ। ਮੌਸਮ ਵਿਭਾਗ ਨੇ ਦੋ ਦਿਨਾਂ ਲਈ ਪੰਜਾਬ ਅਤੇ ਚੰਡੀਗੜ੍ਹ ਵਿਚ ਸੀਤ ਲਹਿਰ ਲਈ ਯੈਲੋ ਅਲਰਟ ਜਾਰੀ ਕੀਤਾ ਹੈ । ਕਈ ਇਲਾਕਿਆਂ ਵਿਚ ਧੁੰਦ ਦੀ ਵੀ ਸੰਭਾਵਨਾ ਵੀ ਜਤਾਈ ਗਈ ਹੈ। ਮੌਸਮ ਵਿਭਾਗ ਨੇ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਪੰਜਾਬ ਦੇ ਅੱਠ ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਜਲੰਧਰ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਮੁਕਤਸਰ, ਬਠਿੰਡਾ, ਮਾਨਸਾ ਅਤੇ ਫਾਜ਼ਿਲਕਾ ਸ਼ਾਮਲ ਹਨ।
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਦੇ ਅਨੁਸਾਰ, ਸ਼ੁੱਕਰਵਾਰ ਤੋਂ ਇੱਕ ਤਾਜ਼ਾ ਪੱਛਮੀ ਗੜਬੜੀ ਪੱਛਮੀ ਹਿਮਾਲਿਆਈ ਖੇਤਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਹ ਗੜਬੜ ਬਹੁਤ ਤੇਜ਼ ਨਹੀਂ ਹੈ, ਇਸ ਲਈ ਇਸਦੇ ਪ੍ਰਭਾਵ ਕਾਰਨ ਪੰਜਾਬ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਪਰ ਇਸ ਗੜਬੜ ਕਾਰਨ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਤਾਪਮਾਨ ਹੋਰ ਘਟੇਗਾ। ਨਮੀ ਅਤੇ ਧੁੰਦ ਵਧੇਗੀ, ਜਿਸ ਨਾਲ ਪੰਜਾਬ ਵਿੱਚ ਠੰਢ ਹੋਰ ਵਧੇਗੀ। ਡਾਇਰੈਕਟਰ ਨੇ ਕਿਹਾ ਕਿ 15 ਦਸੰਬਰ ਤੋਂ ਪੰਜਾਬ ਵਿੱਚ ਕੜਾਕੇ ਦੀ ਠੰਢ ਸ਼ੁਰੂ ਹੋ ਜਾਵੇਗੀ।
ਬੁੱਧਵਾਰ ਨੂੰ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 0.2 ਡਿਗਰੀ ਘੱਟ ਗਿਆ। ਇਸ ਕਾਰਨ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.2 ਡਿਗਰੀ ਘੱਟ ਗਿਆ ਹੈ। ਪੰਜਾਬ ਦਾ ਘੱਟੋ-ਘੱਟ ਤਾਪਮਾਨ 0.6 ਡਿਗਰੀ ਘੱਟ ਗਿਆ ਹੈ, ਜਿਸ ਨਾਲ ਇਹ ਆਮ ਨਾਲੋਂ 2.4 ਡਿਗਰੀ ਘੱਟ ਹੋ ਗਿਆ ਹੈ। ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 5.3 ਡਿਗਰੀ, ਲੁਧਿਆਣਾ 5.4 ਡਿਗਰੀ, ਪਟਿਆਲਾ 5.0 ਡਿਗਰੀ, ਪਠਾਨਕੋਟ 5.3 ਡਿਗਰੀ, ਬਠਿੰਡਾ 4.0 ਡਿਗਰੀ, ਫਿਰੋਜ਼ਪੁਰ 5.2 ਡਿਗਰੀ ਅਤੇ ਗੁਰਦਾਸਪੁਰ 5.0 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 20.2 ਡਿਗਰੀ, ਲੁਧਿਆਣਾ 22.4 ਡਿਗਰੀ, ਪਟਿਆਲਾ 22.6 ਡਿਗਰੀ, ਪਠਾਨਕੋਟ 22.0 ਡਿਗਰੀ, ਗੁਰਦਾਸਪੁਰ 22.5 ਡਿਗਰੀ ਅਤੇ ਐਸਬੀਐਸ ਨਗਰ ਵਿੱਚ ਵੀ 22.5 ਡਿਗਰੀ ਦਰਜ ਕੀਤਾ ਗਿਆ।
