ਨਾਭਾ, 18 ਅਗਸਤ:ਪੰਜਾਬ ਦੇ ਜੰਗਲਾਤ ਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਨਾਭਾ ਦੇ ਪੁਰਾਣੇ ਹਾਥੀ ਖ਼ਾਨਾ ਵਿਖੇ ਜੰਗਲਾਤ ਵਿਭਾਗ ਦੀ ਬੇਆਬਾਦ ਪਈ ਦੋ ਏਕੜ ਦੇ ਕਰੀਬ ਜਮੀਨ ‘ਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਾਤਾਵਰਣ ਪਾਰਕ ਅਤੇ ਬਗੀਚੀ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ।

ਸ. ਧਰਮਸੋਤ ਨੇ ਦੱਸਿਆ ਕਿ ਇਸ ਪਾਰਕ ਅਤੇ ਬਗੀਚੀ ਉਪਰ ਕਰੀਬ 26 ਲੱਖ ਰੁਪਏ ਖ਼ਰਚ ਆਉਣਗੇ ਅਤੇ ਇਥੇ ਹਰ ਕਿਸਮ ਦੇ ਬੂਟੇ ਲਗਾਏ ਜਾਣਗੇ, ਜਿਸ ਨਾਲ ਇਹ ਵਾਤਾਵਰਣ ਪਾਰਕ ਨਾਭਾ ਲਈ ਫੇਫੜਿਆਂ ਦਾ ਕੰਮ ਕਰੇਗਾ। ਨਾਭਾ ਦੇ ਤਿੰਨ ਵਾਰਡਾਂ ਦੀ ਵੱਸੋਂ ਦੇ ਨਾਲ ਲੱਗਦਾ ਇਹ ਪਾਰਕ ਜੰਗਲਾਤ ਵਿਭਾਗ ਵੱਲੋਂ ਵਿਕਸਤ ਕੀਤਾ ਜਾਵੇਗਾ। ਇਸ ਮੌਕੇ ਜੰਗਲਾਤ ਮੰਤਰੀ ਨੇ ਮੌਲਸਰੀ ਦਾ ਬੂਟਾ ਲਗਾ ਕੇ ਇਸ ਪਾਰਕ ‘ਚ ਬੂਟੇ ਲਾਉਣ ਦੀ ਵੀ ਸ਼ੁਰੂਆਤ ਕਰਵਾਈ।

ਇਸ ਮੌਕੇ ਪੱਤਰਕਾਰਾਂ ਵੱਲੋਂ ਐਸ.ਵਾਈ.ਐਲ. ਦੇ ਮੁੱਦੇ ‘ਤੇ ਕੀਤੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਸ. ਸਾਧੂ ਸਿੰਘ ਧਰਮਸੋਤ ਨੇ ਸਪੱਸ਼ਟ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਰਾਜ ਨੂੰ ਦੇਣ ਲਈ ਕੋਈ ਵਾਧੂ ਪਾਣੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਿਛਲੀ ਸਰਕਾਰ ਸਮੇਂ ਮੁੱਖ ਮੰਤਰੀ ਦੀ ਕੁਰਸੀ ਦੀ ਵੀ ਪਰਵਾਹ ਕੀਤੇ ਬਿਨ੍ਹਾਂ ਪਾਣੀਆਂ ਦੇ ਸਮਝੌਤੇ ਰੱਦ ਕੀਤੇ ਸਨ, ਉਸੇ ਤਰ੍ਹਾਂ ਹੁਣ ਵੀ ਪੰਜਾਬ ਦਾ ਪਾਣੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੁਰੱਖਿਅਤ ਹੈ।

ਸ. ਧਰਮਸੋਤ ਨੇ ਅਕਾਲੀ ਦਲ ਵੱਲੋਂ ਪੰਜਾਬ ਦੇ ਪਾਣੀ ਸਬੰਧੀਂ ਜਤਾਏ ਜਾ ਰਹੇ ਖਦਸ਼ਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ 10 ਸਾਲਾਂ ਦੌਰਾਨ ਐਸ.ਵਾਈ.ਐਲ. ਦੇ ਮੁੱਦੇ ‘ਤੇ ਪੰਜਾਬ ਦੀ ਕੋਈ ਪੈਰਵਾਈ ਨਹੀਂ ਕੀਤੀ, ਇਸ ਲਈ ਉਨ੍ਹਾਂ ਨੂੰ ਹੁਣ ਕੈਪਟਨ ਸਰਕਾਰ ‘ਤੇ ਸਵਾਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ।

ਇਕ ਹੋਰ ਸਵਾਲ ਦੇ ਜਵਾਬ ‘ਚ ਸ. ਧਰਮਸੋਤ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੀ ਕੋਈ 31 ਹਜ਼ਾਰ ਏਕੜ ਜਮੀਨ ‘ਤੇ ਨਾਜਾਇਜ਼ ਕਬਜਿਆਂ ਵਿੱਚੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਦੀ ਅਗਵਾਈ ਹੇਠ ਜੰਗਲਾਤ ਵਿਭਾਗ ਨੇ ਹੁਣ ਤੱਕ ਆਪਣੀ 15 ਹਜ਼ਾਰ ਏਕੜ ਜਮੀਨ ਤੋਂ ਨਾਜਾਇਜ਼ ਕਬਜ਼ੇ ਛੁਡਵਾਏ ਹਨ ਅਤੇ ਬਾਕੀ ਜਮੀਨ ਦੇ ਵੱਖ-ਵੱਖ ਅਦਾਲਤਾਂ ‘ਚ ਚੱਲਦੇ ਕੇਸਾਂ ਦੀ ਪੈਰਵਾਈ ਬਾਕਾਇਦਗੀ ਨਾਲ ਕੀਤੀ ਜਾ ਰਹੀ ਹੈ।

ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ, ਇੰਪਰੂਵਮੈਂਟ ਟਰਸੱਟ ਦੇ ਚੇਅਰਮੈਨ ਅਮਰਦੀਪ ਸਿੰਘ ਖੰਨਾ, ਵਣਪਾਲ ਸਾਊਥ ਸਰਕਲ ਪਟਿਆਲਾ ਕੇ. ਕੰਨਨ, ਜ਼ਿਲ੍ਹਾ ਜੰਗਲਾਤ ਅਫ਼ਸਰ ਹਰਭਜਨ ਸਿੰਘ, ਵਣ ਰੇਂਜ ਅਫ਼ਸਰ ਸੁਰਿੰਦਰ ਸ਼ਰਮਾ, ਸ. ਧਰਮਸੋਤ ਦੇ ਨਿਜੀ ਸਕੱਤਰ ਸ. ਕਾਬਲ ਸਿੰਘ, ਪੀਏ ਚਰਨਜੀਤ ਬਾਤਿਸ਼, ਨਜਿੰਦਜੀਤ ਭਾਟੀਆ, ਹਰੀ ਕ੍ਰਿਸ਼ਨ ਸੇਠ, ਪੰਕਜ ਪੱਪੂ, ਅਨਿਲ ਰਾਣਾ, ਠੇਕੇਦਾਰ ਦਰਸ਼ਨ ਸਿੰਘ, ਕਸ਼ਮੀਰ ਲਾਲਕਾ, ਸਲੀਮ ਮੁਹੰਮਤ ਸਮੇਤ ਹੋਰ ਪਤਵੰਤੇ ਮੌਜੂਦ ਸਨ।