ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਪੰਜਾਬ ਕੈਬਨਿਟ ਦਾ ਵਿਸਤਾਰ ਕੀਤਾ ਹੈ। ਪੰਜਾਬ ਕੈਬਨਿਟ ’ਚ 5 ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਜਿਨ੍ਹਾਂ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਰਾਜ ਭਵਨ ’ਚ ਇਕ ਸਾਦੇ ਸਮਾਗਮ ਦੌਰਾਨ ਨਵੇਂ ਮੰਤਰੀਆਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ ਹੈ।

ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ, ਖੰਨਾ ਤੋਂ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ, ਸ਼ਾਮਚੁਰਾਸੀ ਦੇ ਵਿਧਾਇਕ ਡਾ.ਰਵਜੋਤ ਸਿੰਘ, ਜਲੰਧਰ ਤੋਂ ਵਿਧਾਇਕ ਮਹਿੰਦਰ ਭਗਤ ਅਤੇ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁਕੀ ਹੈ।

ਕੈਬਨਿਟ ਵਿਸਥਾਰ ਤੋਂ ਬਾਅਦ ਮੰਤਰੀਆਂ ਦੇ ਵਿਭਾਗਾਂ ‘ਚ ਫੇਰਬਦਲ

ਇਨ੍ਹਾਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਵੀ ਤੁਰਤ ਹੀ ਕਰ ਦਿਤੀ ਗਈ। ਹਰਦੀਪ ਸਿੰਘ ਮੁੰਡੀਆਂ ਰੈਵੀਨਿਊ, ਮੁੜਵਸੇਬਾ ਅਤੇ ਆਫ਼ਤ ਪ੍ਰਬੰਧਨਤੋਂ ਇਲਾਵਾ ਜਲ ਸਪਲਾਈ ਅਤੇ ਸਫ਼ਾਈ, ਹਾਊਸਿੰਗ ਅਤੇ ਸ਼ਹਿਰੀ ਵਿਕਾਸ ਮੰਤਰਾਲਾ ਸੰਭਾਲਣਗੇ। ਬਰਿੰਦਰ ਕੁਮਾਰ ਗੋਇਲ ਖਣਨ ਅਤੇ ਭੌਂ ਵਿਗਿਆਨ, ਜਲ ਸਰੋਤ, ਭੋਇੰ ਅਤੇ ਜਲ ਸੰਭਾਲ ਮੰਤਰਾਲਾ ਸੰਭਾਲਣਗੇ।

ਤਰੁਨਪ੍ਰੀਤ ਸਿੰਘ ਸੌਂਦ ਨੂੰ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ, ਨਿਵੇਸ਼ ਹੱਲਾਸ਼ੇਰੀ, ਕਿਰਤ, ਮਹਿਮਾਨਨਿਵਾਜ਼ੀ, ਉਦਯੋਗ ਅਤੇ ਕਾਮਰਸ, ਪੇਂਡੂ ਵਿਕਾਸ ਅਤੇ ਪੰਚਾਇਤਾਂ ਮੰਤਰਾਲੇ ਦਿਤੇ ਗਏ ਹਨ। ਡਾ. ਰਵਜੋਤ ਸਿੰਘ ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲੇ ਮੰਤਰਾਲਾ ਸੰਭਾਲਣਗੇ। ਮਹਿੰਦਰ ਭਗਤ ਰੱਖਿਆ ਸੇਵਾਵਾਂ ਭਲਾਈ, ਆਜ਼ਾਦੀ ਘੁਲਾਟੀਏ ਤੋਂ ਇਲਾਵਾ ਬਾਗਬਾਨੀ ਮੰਤਰਾਲਾ ਵੀ ਸੰਭਾਲਣਗੇ।

ਇਸ ਤੋਂ ਇਲਾਵਾ ਕਈ ਮੰਤਰੀਆਂ ਦੀ ਜ਼ਿੰਮੇਵਾਰੀ ਵੀ ਵਧਾਈ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਖੇਡਾਂ ਅਤੇ ਨੌਜੁਆਨ ਸੇਵਾਵਾਂ ਵਿਭਾਗ ਵੀ ਸੰਭਾਲਣਗੇ। ਉਨ੍ਹਾਂ ਕੋਲ ਹੁਣ ਕੁਲ 9 ਵਿਭਾਗ ਹੋ ਗਏ ਹਨ। ਹਰਜੋਤ ਬੈਂਸ ਨੂੰ ਸੂਚਨਾ ਅਤੇ ਜਨਤਕ ਮਾਮਲੇ ਵਿਭਾਗ ਦੀ ਜ਼ਿੰਮੇਵਾਰੀ ਵੀ ਦਿਤੀ ਗਈ ਹੈ। ਕੁਲਦੀਪ ਸਿੰਘ ਧਾਲੀਵਾਲ ਨੂੰ ਵੀ ਪ੍ਰਸ਼ਾਸਨਿਕ ਸੁਧਾਰ ਵਿਭਾਗ ਦਿਤਾ ਗਿਆ ਹੈ। ਲਾਲਜੀਤ ਸਿੰਘ ਭੁੱਲਰ ਹੁਣ ਜੇਲ ਵਿਭਾਗ ਵੀ ਸੰਭਾਲਣਗੇ।

ਇਸ ਤੋਂ ਪਹਿਲਾਂ ਚਾਰ ਮੰਤਰੀਆਂ ਨੇ ਕੈਬਨਿਟ ਤੋਂ ਅਸਤੀਫਾ ਦੇ ਦਿਤਾ। ਜਿਨ੍ਹਾਂ ਮੰਤਰੀਆਂ ਨੇ ਅਸਤੀਫਾ ਦਿਤਾ ਹੈ, ਉਨ੍ਹਾਂ ’ਚ ਬਲਕੌਰ ਸਿੰਘ, ਚੇਤਨ ਸਿੰਘ ਜੋੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ ਅਤੇ ਅਨਮੋਲ ਗਗਨ ਸ਼ਾਮਲ ਹਨ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਅਸਤੀਫੇ ਕਾਰਨ ਕੈਬਨਿਟ ਦੀ ਇਕ ਸੀਟ ਪਹਿਲਾਂ ਹੀ ਖਾਲੀ ਸੀ।

ਦੱਸ ਦੇਈਏ ਕਿ ਭਗਵੰਤ ਮਾਨ ਦੀ 30 ਮਹੀਨੇ ਪੁਰਾਣੀ ਸਰਕਾਰ ’ਚ ਇਹ ਚੌਥਾ ਕੈਬਨਿਟ ਦਾ ਵਿਸਥਾਰ ਹੈ। ਪੰਜਾਬ ਵਿਧਾਨ ਸਭਾ ’ਚ ਕੁਲ 117 ਮੈਂਬਰ ਹਨ। ਇਸ ਤੋਂ ਪਹਿਲਾਂ ਕੈਬਨਿਟ ’ਚ ਸੀਐਮ ਮਾਨ ਸਮੇਤ 15 ਮੰਤਰੀ ਸਨ ਪਰ ਹੁਣ ਨਵੇਂ ਮੰਤਰੀਆਂ ਦੇ ਸਹੁੰ ਚੁੱਕਣ ਤੋਂ ਬਾਅਦ ਕੈਬਨਿਟ ’ਚ ਮੈਂਬਰਾਂ ਦੀ ਗਿਣਤੀ 16 ਹੋ ਗਈ ਹੈ।