ਚੰਡੀਗੜ੍ਹ, 5 ਨਵੰਬਰ
ਪੰਜਾਬ ਕਾਂਗਰਸ ਨੇ ਦੀਵਾਲੀ ਮਗਰੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈ ਕੇ ਕੌਮੀ ਰਾਜਧਾਨੀ ਦਿੱਲੀ ’ਚ ਜੰਤਰ ਮੰਤਰ ’ਤੇ ਲੜੀਵਾਰ ਧਰਨੇ ਦੇਣ ਦਾ ਐਲਾਨ ਕੀਤਾ ਹੈ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਦੱਸਿਆ ਕਿ ਪੰਜਾਬ ਦੇ ਵਿਧਾਇਕ ਵਾਰੋ-ਵਾਰੀ ਧਰਨੇ ’ਤੇ ਬੈਠਣਗੇ ਕਿਉਂਕਿ ਕੇਂਦਰ ਸਰਕਾਰ ਨੇ ਮਸਲਾ ਸੁਲਝਾਉਣ ਦੀ ਥਾਂ ਜ਼ਿਦ ਫੜ ਲਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ 4 ਨਵੰਬਰ ਨੂੰ ਜੰਤਰ ਮੰਤਰ ’ਤੇ ਸੰਕੇਤਕ ਧਰਨਾ ਦਿੱਤਾ ਸੀ। ਉਦੋਂ ਇਹ ਜਾਪਦਾ ਸੀ ਕਿ ਕਾਂਗਰਸ ਲੜੀਵਾਰ ਧਰਨੇ ਸ਼ੁਰੂ ਕਰੇਗੀ ਪ੍ਰੰਤੂ ਮਗਰੋਂ ਇਸ ਧਰਨੇ ਨੂੰ ਇੱਕ ਦਿਨ ਤੱਕ ਹੀ ਸੀਮਤ ਕਰ ਦਿੱਤਾ ਗਿਆ ਸੀ। ਸ੍ਰੀ ਜਾਖੜ ਨੇ ਇਕ ਬਿਆਨ ਵਿੱਚ ਕਿਹਾ ਕਿ ਦੀਵਾਲੀ ਮਗਰੋਂ ਲੜੀਵਾਰ ਧਰਨਾ ਸ਼ੁਰੂ ਕੀਤਾ ਜਾਵੇਗਾ ਜਿਸ ਦੀ ਤਾਰੀਕ ਜਲਦੀ ਐਲਾਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਦਾ ਅੜੀਅਲ ਰਵੱਈਆ ਦੇਸ਼ ਦੇ ਸੰਘੀ ਢਾਂਚੇ ਲਈ ਵੱਡਾ ਖਤਰਾ ਹੈ।