ਲੁਧਿਆਣਾ, 27 ਜੁਲਾਈ
‘ਪੁੱਤ ਜੱਟਾਂ ਦੇ’, ‘ਜੱਟ ਜਿਉਣਾ ਮੌੜ’ ਅਤੇ ‘ਯਾਰਾਂ ਦਾ ਟਰੱਕ ਬੱਲੀਏ’ ਜਿਹੇ ਯਾਦਗਾਰ ਗੀਤਾਂ ਲਈ ਜਾਣੇ ਜਾਂਦੇ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਲੰਮੀ ਬਿਮਾਰੀ ਤੋਂ ਬਾਅਦ ਡੀਐੱਮਸੀ ਹਸਪਤਾਲ ’ਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਲੜਕੇ ਮਨਿੰਦਰ ਛਿੰਦਾ ਨੇ ਦੱਸਿਆ ਕਿ ਦੂਜੇ ਭਰਾ ਸਿਮਰਨ ਦੇ ਇੰਗਲੈਂਡ ਤੋਂ ਪਰਤਣ ਮਗਰੋਂ ਪਿਤਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। 20 ਮਈ, 1953 ਵਿੱਚ ਜਨਮੇ ਛਿੰਦਾ ਨੇ ਕੁੱਝ ਦਿਨ ਪਹਿਲਾਂ ਫੂਡ ਪਾਈਪ ਦਾ ਆਪਰੇਸ਼ਨ ਕਰਵਾਇਆ ਸੀ, ਜਿਸ ਮਗਰੋਂ ਢਿੱਡ ’ਚ ਇਨਫੈਕਸ਼ਨ ਵਧਣ ’ਤੇ ਉਨ੍ਹਾਂ ਨੂੰ ਸਾਹ ਲੈਣ ’ਚ ਪ੍ਰੇਸ਼ਾਨੀ ਹੋਣ ਲੱਗ ਪਈ ਸੀ। ਉਨ੍ਹਾਂ ਨੂੰ ਦੀਪ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਬਾਅਦ ’ਚ ਸਿਹਤ ਵਿਗੜਦੀ ਦੇਖ ਕੇ ਉਨ੍ਹਾਂ ਨੂੰ ਡੀਐੱਮਸੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਸੀ ਜਿੱਥੇ ਬੁੱਧਵਾਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ’ਚ ਪਤਨੀ ਜੋਗਿੰਦਰ ਕੌਰ, ਬੇਟੇ ਮਨਿੰਦਰ ਛਿੰਦਾ ਅਤੇ ਸਿਮਰਨ ਛਿੰਦਾ ਹਨ। ਜਿਵੇਂ ਹੀ ਸੁਰਿੰਦਰ ਛਿੰਦਾ ਦੇ ਦੇਹਾਂਤ ਦੀ ਖ਼ਬਰ ਫੈਲੀ ਤਾਂ ਪੰਜਾਬੀ ਗਾਇਕੀ ਤੇ ਫਿਲਮ ਇੰਡਸਟਰੀ ਦੇ ਨਾਲ ਨਾਲ ਉਨ੍ਹਾਂ ਦੇ ਚਾਹੁਣ ਵਾਲਿਆਂ ’ਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਆਪਣੇ ਕਰੀਅਰ ਦੌਰਾਨ ਕਈ ਮਕਬੂਲ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਵੀ ਦਿਖਾਏ ਸਨ ਜਿਨ੍ਹਾਂ ’ਚ ‘ਪੁੱਤ ਜੱਟਾਂ ਦੇ’, ‘ਉੱਚਾ ਦਰ ਬਾਬੇ ਨਾਨਕ ਦਾ’ ਅਤੇ ‘ਬਦਲਾ ਜੱਟੀ ਦਾ’ ਸ਼ਾਮਲ ਹਨ। ਸੁਰਿੰਦਰ ਛਿੰਦਾ ਦੇ ਦੇਹਾਂਤ ਮਗਰੋਂ ਉਨ੍ਹਾਂ ਦੇ ਘਰ ਅਫ਼ਸੋਸ ਪ੍ਰਗਟ ਕਰਨ ਵਾਲਿਆਂ ਦਾ ਤਾਂਤਾ ਲੱਗ ਗਿਆ। ਗਾਇਕ ਚਮਕੀਲਾ ਦੇ ਪਰਿਵਾਰਕ ਮੈਂਬਰ, ਕੁਲਦੀਪ ਮਾਣਕ ਦੇ ਲੜਕੇ ਤੋਂ ਇਲਾਵਾ ਸੰਗੀਤ ਦੀ ਦੁਨੀਆ ਦੀਆਂ ਕਈ ਹੋਰ ਨਾਮੀ ਹਸਤੀਆਂ ਵੀ ਘਰ ਪੁੱਜੀਆਂ। ਇਸ ਮੌਕੇ ਪੰਜਾਬ ਸਰਕਾਰ ਦੇ ਮੰਤਰੀ ਮੀਤ ਹੇਅਰ ਵੀ ਅਫ਼ਸੋਸ ਪ੍ਰਗਟ ਕਰਨ ਲਈ ਛਿੰਦਾ ਦੇ ਘਰ ਪੁੱਜੇ।