ਚੰਡੀਗੜ੍ਹ : ਪੰਜਾਬੀ ਮਨੋਰੰਜਨ ਜਗਤ ਤੋਂ ਬੇਹੱਦ ਦੁਖਦਾਈ ਖਬਰ ਸਾਹਮਣੇ ਆਈ ਹੈ। ਪ੍ਰਸਿੱਧ ਪੰਜਾਬੀ ਗਾਇਕ ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 72 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਅਤੇ ਜਲੰਧਰ ਦੇ ਇੱਕ ਹਸਪਤਾਲ ਵਿੱਚ ਇਲਾਜ ਅਧੀਨ ਸਨ।
ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਨੇ ਪੂਰਨ ਸ਼ਾਹ ਕੋਟੀ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਸੰਗੀਤ ਜਗਤ ਨਾਲ ਜੁੜੀਆਂ ਕਈ ਉਘੀਆਂ ਸ਼ਖਸ਼ੀਅਤਾਂ ਸੋਸ਼ਲ ਮੀਡੀਆ ‘ਤੇ ਮਾਸਟਰ ਸਲੀਮ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕਰ ਰਹੀਆਂ ਹਨ।
ਦੱਸ ਦਈਏ ਕਿ ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਕਈ ਪ੍ਰਸਿੱਧ ਗਾਇਕਾਂ ਦੇ ਗੁਰੂ ਰਹਿ ਚੁੱਕੇ ਹਨ। ਉਨ੍ਹਾਂ ਨੇ ਪੰਜਾਬੀ ਗਾਇਕ ਅਤੇ ਸਾਬਕਾ ਸੰਸਦ ਮੈਂਬਰ ਹੰਸਰਾਜ ਹੰਸ ਅਤੇ ਜਸਬੀਰ ਜੱਸੀ, ਬੱਬੂ ਮਾਨ ਵਰਗੇ ਕਲਾਕਾਰਾਂ ਨੂੰ ਗਾਉਣਾ ਸਿਖਾਇਆ। ਹੰਸ ਨੂੰ ਉਨ੍ਹਾਂ ਨਾਲ ਕਈ ਫੋਟੋਆਂ ਵਿੱਚ ਦੇਖਿਆ ਗਿਆ ਹੈ। ਬਹੁਤ ਸਾਰੀਆਂ ਸ਼ਖਸੀਅਤਾਂ ਅੱਜ ਪੂਰਨ ਸ਼ਾਹ ਕੋਟੀ ਦੇ ਦਿਹਾਂਤ ‘ਤੇ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਕੋਲ ਪੁੱਜੀਆਂ ਹਨ ।
