ਚੰਡੀਗੜ੍ਹ : ਪੰਜਾਬੀ ਮਨੋਰੰਜਨ ਜਗਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬੀ ਅਦਾਕਾਰਾ ਅਤੇ ਮਾਡਲ ਹਿਮਾਂਸ਼ੀ ਖੁਰਾਣਾ ਨੂੰ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਨ੍ਹਾਂ ਹੀ ਨਹੀਂ ਉਸ ਤੋਂ 10 ਕਰੋੜ ਰੁਪਏ ਦੀ ਫਿਰੌਤੀ ਵੀ ਮੰਗੀ ਗਈ ਹੈ।
ਸਾਹਮਣੇ ਆਈ ਜਾਣਕਾਰੀ ਅਨੁਸਾਰ ਹਿਮਾਂਸ਼ੀ ਖੁਰਾਣਾ ਨੂੰ ਫ਼ੋਨ ਕਾਲ ਰਾਹੀਂ ਧਮਕੀ ਦਿੱਤੀ ਗਈ ਹੈ। ਸੂਤਰਾਂ ਮੁਤਾਬਕ, ਹਿਮਾਂਸ਼ੀ ਖੁਰਾਨਾ ਨੂੰ ਇਹ ਧਮਕੀ ਕਥਿਤ ਤੌਰ ‘ਤੇ ਗੈਂਗਸਟਰਾਂ ਵੱਲੋਂ ਦਿੱਤੀ ਗਈ ਹੈ। 10 ਕਰੋੜ ਰੁਪਏ ਦੀ ਮੰਗ ਕਰਦਿਆਂ ਸਾਫ਼ ਸ਼ਬਦਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਮੰਗ ਪੂਰੀ ਨਾ ਹੋਈ ਤਾਂ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਧਮਕੀ ਮਿਲਣ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਮੋਹਾਲੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਪੁਲਿਸ ਕਾਲ ਡਿਟੇਲ ਖੰਗਾਲ ਰਹੀ ਹੈ। ਇਸ ਮਾਮਲੇ ਦੀ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ 2011 ਵਿੱਚ ਮਿਸ ਲੁਧਿਆਣਾ ਦਾ ਖਿਤਾਬ ਜਿੱਤਣ ਤੋਂ ਬਾਅਦ ਹਿਮਾਂਸ਼ੀ ਨੇ ਆਪਣੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ “ਸਾਡਾ ਹੱਕ” ਵਰਗੀਆਂ ਫਿਲਮਾਂ ਅਤੇ “ਸੋਚ” ਵਰਗੇ ਸੁਪਰਹਿੱਟ ਗੀਤਾਂ ਨਾਲ ਪਛਾਣ ਬਣਾਈ। ਇਸ ਤੋਂ ਇਲਾਵਾ “ਬਿੱਗ ਬੌਸ 13” ਨੇ ਉਸਨੂੰ ਦੇਸ਼ ਵਿਆਪੀ ਪ੍ਰਸਿੱਧੀ ਦਿਵਾਈ।
ਮਨੋਰੰਜਨ ਜਗਤ ਦੇ ਕਿਸੇ ਸਿਤਾਰੇ ਨੂੰ ਧਮਕੀ ਦਾ ਇਹ ਪਹਿਲਾ ਮਾਮਲਾ ਨਹੀਂ ਹੈ ਅਜੇ ਕੁੱਝ ਦਿਨ ਪਹਿਲਾਂ ਹੀ ਬਾਲੀਵੁੱਡ ਨਿਰਦੇਸ਼ਕ ਰੋਹਿਤ ਸ਼ੈੱਟੀ, ਅਦਾਕਾਰ ਰਣਵੀਰ ਸਿੰਘ ਅਤੇ ਸਲਮਾਨ ਖਾਨ ਦੇ ਜੀਜੇ ਆਯੂਸ਼ ਸ਼ਰਮਾ ਨੂੰ ਵੀ ਧਮਕੀਆਂ ਮਿਲੀਆਂ ਸਨ ਫਿਲਹਾਲ ਅਦਾਕਾਰਾ ਦੀ ਸ਼ਿਕਾਇਤ ‘ਤੇ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸੁਰੱਖਿਆ ਏਜੰਸੀਆਂ ਵੀ ਜਾਂਚ ਵਿੱਚ ਜੁਟ ਗਈਆਂ ਹਨ।
