ਸ਼੍ਰੀ ਆਨੰਦਪੁਰ ਸਾਹਿਬ, 29 ਦਸੰਬਰ :ਅੱਜ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਸੀਨੀਅਰ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਲੋਕ ਸਭਾ ਅੰਦਰ ਸਿਫ਼ਰ ਕਾਲ ਦੌਰਾਨ ਪੰਜਾਬ ਦੇ ਕਿਸਾਨਾਂ ਦੀ ਫ਼ਸਲਾਂ ਦੇ ਮੁੱਲ ਯਕੀਨੀ ਕਰਵਾਉਣ ਦਾ ਮੁੱਦਾ ਚੁੱਕਿਆ । ਇੱਥੇ ਆਕਾਲੀ ਸੰਸਦ ਨੇ ਬਹੁਤ ਸਾਰੀਆ ਫ਼ਸਲਾਂ ਦੇ ਵਾਜ਼ਬ ਮੁੱਲ ਨਾ ਮਿਲਣ ਕਰਕੇ ਲੋਕੀ ਅਖੀਰ ਵਿੱਚ ਬੇਵੱਸ ਨਜ਼ਰ ਆਉਦੇ ਹਨ । ਪ੍ਰੋ. ਚੰਦੂਮਾਜਰਾ ਨੇ ਪੰਜਾਬ ਦੇ ਵੱਡੇ ਖੇਤਰ ਵਿੱਚ ਹੋ ਰਹੀ ਆਲੂ ਦੀ ਫ਼ਸਲ ਦੀ ਗੱਲ ਛੇੜਦਿਆ ਕਿਹਾ ਕਿ ਪੁੱਤਾਂ ਵਾਂਗ ਪਾਲ ਕੇ ਵੱਡੀ ਕੀਤੀ ਇਸ ਫ਼ਸਲ ਨੂੰ ਕਿਸਾਨ ਚੰਗਾ ਭਾਅ ਨਾ ਮਿਲਣ ਕਾਰਨ ਅੰਤ ਵਿੱਚ ਸੜ੍ਹਕਾਂ ਤੇ ਸੁੱਟਣ ਲਈ ਮਜ਼ਬੂਰ ਹੋ ਜਾਂਦੇ ਹਨ । ਉਨ੍ਹਾਂ ਆਉਣ ਵਾਲੇ ਸਮੇਂ ਵਿਚ ਮੰਡੀਆਂ ‘ਚ ਆ ਰਹੀ ਆਲੂ ਦੀ ਫ਼ਸਲ ਲਈ ਚੰਗੇ ਭਾਅ ਵਾਲੀ ਕੋਈ ਠੋਸ ਰਾਣਨੀਤੀ ਤਿਆਰ ਕਰਨ ਦੀ ਅਪੀਲ ਕੀਤੀ । ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਤਕਰੀਬਨ ਪਿਛਲੇ ਤਿੰਨ ਸਾਲ ਤੋਂ ਆਲੂ ਦੀ ਫ਼ਸਲ ਲਗਾਤਾਰ ਖਰਾਬ ਹੋ ਰਹੀ ਹੈ, ਪ੍ਰੰਤੂ ਦੁੱਖ ਦੀ ਗੱਲ ਇਹ ਹੈ ਕਿ ਇਸਦੇ ਖਰਾਬੇ ਨੂੰ ਰੋਕਣ ਲਈ ਅਤੇ ਚੰਗੇ ਮੁੱਲ ਮੁਹਾਈਆ ਕਰਵਾਉਣ ਲਈ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀ ਪੁੱਟੇ ਗਏ ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਿਸੇ ਸਮੇਂ ਖੇਤੀ ਇੱਕ ਲਾਹੇਬੰਦ ਧੰਦਾ ਮੰਨਿਆ ਜਾਂਦਾ ਸੀ, ਪ੍ਰੰਤੂ ਅੱਜ ਦੇ ਸਮੇਂ ਦੀ ਤਰਾਸ਼ਦੀ ਹੈ ਕਿ ਖੇਤੀ ਸੈਕਟਰ ਦਾ ਦੇਸ਼ ਵਿੱਚ ਗ੍ਰਾਫ਼ ਡਿੱਗਦਾ ਨਜ਼ਰ ਆ ਰਿਹਾ ਹੈ । ਉਨ੍ਹਾਂ “ਅੱਜ ਦਾ ਜਵਾਨ, ਕੱਲ੍ਹ ਦੇਸ਼ ਦੀ ਸ਼ਾਨ” ਦਾ ਨਾਅਰਾ ਦਿੰਦਿਆ ਕਿਹਾ ਕਿ ਬਹੁਤ ਸਾਰੀਆ ਮਾਰੂ ਨੀਤੀਆਂ ਕਾਰਨ ਜਿਵੇਂ ਕਿ ਘਰ-ਘਰ ਨੌਕਰੀ ਦਾ ਝੂਠਾ ਲਾਰਾ ਜਾਂ ਕਰਜ਼ਾ ਮੁਕਤੀ ਜਿਹੇ ਝੂਠੇ ਵਾਅਦੇ ਸਰਕਾਰ ਵੱਲੋਂ ਪੂਰੇ ਨਾ ਹੋਣ ਕਾਰਨ ਪੰਜਾਬ ਦਾ ਨੌਜਵਾਨ ਵਰਗ ਅਤੇ ਕਿਸਾਨ ਵੀ ਖੇਤੀ ਤੋਂ ਮੁੱਖ ਮੋੜ੍ਹ ਕੇ ਵਿਦੇਸ਼ਾਂ ਜਾਂ ਖੁਦਕੁਸ਼ੀਆਂ ਵੱਲ ਭੱਜਣ ਲਈ ਮਜ਼ਬੂਰ ਹੋ ਗਿਆ ਹੈ । ਜੋ ਸਾਡੇ ਸਮਾਜ ਅਤੇ ਦੇਸ਼ ਲਈ ਚਿੰਤਾ ਵਾਲੀ ਗੱਲ ਹੈ । ਇਸ ਸਮੇਂ ਬੋਲਦਿਆ ਚੰਦੂਮਾਜਰਾ ਨੇ ਕਿਹਾ ਕਿ ਦੇਸ਼ ਦੇ ਕਿਸਾਨ ਨੂੰ ਕਰਜ਼ਾ ਮੁਕਤ ਕਰਕੇ ਅਤੇ ਕਿਸਾਨ ਤੇ ਖੇਤ ਮਜ਼ਦੂਰ ਦੀ ਘੱਟੋ-ਘੱਟ ਆਮਦਨ ਯਕੀਨੀ ਬਣਾਉਣ ਲਈ ਕੋਈ ਠੋਸ ਅਤੇ ਵਿਆਪਕ ਨੀਤੀ ਬਣਾਈ ਜਾਵੇ । ਉਨ੍ਹਾਂ ਕਿਹਾ ਕਿ ਆਲੂ ਅਤੇ ਬਾਸਮਤੀ ਜਿਹੀਆਂ ਘੱਟ ਪਾਣੀ ਅਤੇ ਥੋੜ੍ਹੇ ਸਮੇਂ ਵਿੱਚ ਪੱਕਣ ਵਾਲੀਆਂ ਫ਼ਸਲਾਂ ਦੀ ਖਰੀਦ ਵਾਜ਼ਬ ਭਾਅ ਤੇ ਯਕੀਨੀ ਬਚਾਉਣ ਦੇ ਨਾਲ-ਨਾਲ ਸਕਕਾਰ ਕਾਰਪੋਰੇਸ਼ਨ ਦਾ ਪ੍ਰਬੰਧ ਕਰੇ ਜਿਸਦਾ ਮੁੱਖ ਕੰਮ ਇਹਨਾਂ ਫ਼ਸਲਾਂ ਨੂੰ ਵੱਡੇ ਪੱਧਰ ਤੇ ਵਿਦੇਸ਼ਾਂ ਵਿੱਚ ਭੇਜਣ ਲਈ ਵਿਸ਼ੇਸ ਉਪਰਾਲੇ ਕਰਨ ਤੋਂ ਇਲਾਵਾ ਕਿਸਾਨ ਆਪਣੀ ਫ਼ਸਲ ਨੂੰ ਆਸਾਨ ਤਰੀਕੇ ਨਾਲ ਸਟੋਰ ਕਰਨ ਦਾ ਪ੍ਰਬੰਧ ਕਰਨ ‘ਚ ਸਹਾਈ ਬਣਾਏ ।