ਮੁੰਬਈ, 9 ਜਨਵਰੀ

ਬਾਲੀਵੁੱਡ ਅਦਾਕਾਰ ਪ੍ਰਿਯੰਕਾ ਚੋਪੜਾ ਜੋਨਸ ਨੇ ਅੱਜ ਇਕ ਬਿਆਨ ਜਾਰੀ ਕਰ ਕੇ ਲੰਡਨ ਵਿੱਚ ਕੋਵਿਡ-19 ਕਾਰਨ ਲੱਗੇ ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਨੂੰ ਮੁੱਢੋਂ ਰੱਦ ਕੀਤਾ ਹੈ। ਜ਼ਿਕਰਯੋਗ ਹੈ ਕਿ ਬਰਤਾਨੀਆ ਦੇ ਵੱਖ-ਵੱਖ ਮੀਡੀਆ ਹਾਊਸਾਂ ਵੱਲੋਂ ਖ਼ਬਰਾਂ ਛਾਪੀਆਂ ਗਈਆਂ ਸਨ ਕਿ ਪ੍ਰਿਯੰਕਾ ਨੇ ਲੰਡਨ ਵਿੱਚ ਕਰੋਨਾ ਕਾਰਨ ਲੱਗੇ ਲੌਕਡਾਊਨ ਤਹਿਤ ਸੈਲੂਨ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਉਲੰਘਣਾ ਕੀਤੀ ਹੈ। ਇਨ੍ਹਾਂ ਖ਼ਬਰਾਂ ਤੋਂ ਬਾਅਦ ਅੱਜ ਬਾਲੀਵੁੱਡ ਅਦਾਕਾਰਾ ਨੇ ਉਕਤ ਬਿਆਨ ਜਾਰੀ ਕੀਤਾ ਹੈ। ਬਰਤਾਨੀਆ ’ਚ ਲੱਗੇ ਲੌਕਡਾਊਨ ਤਹਿਤ ਸਲੂਨ ਲਾਜ਼ਮੀ ਤੌਰ ’ਤੇ ਬੰਦ ਰੱਖੇ ਗਏ ਹਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਲੂਨ ਮਾਲਕ ਨੂੰ 10,000 ਪੌਂਡ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਮੀਡੀਆ ਦੀਆਂ ਖ਼ਬਰਾਂ ਅਨੁਸਾਰ ਪ੍ਰਿਯੰਕਾ ਇਸ ਵੇਲੇ ਸ਼ਹਿਰ ਵਿੱਚ ‘ਟੈਕਸਟ ਫਾਰ ਯੂ’ ਦੀ ਸ਼ੂਟਿੰਗ ਕਰ ਰਹੀ ਹੈ। ਉਹ ਆਪਣੀ ਮਾਂ ਦੇ ਨਾਲ ਨੌਟਿੰਗ ਹਿੱਲ ਵਿੱਚ ਸਥਿਤ ‘ਦਿ ਜੋਸ਼ ਵੁੱਡ ਕਲਰ ਸੈਲੂਨ’ ਵਿਚ ਸੀ ਤਾਂ ਪੁਲੀਸ ਨੂੰ ਇਸ ਸਬੰਧੀ ਜਾਣਕਾਰੀ ਮਿਲ ਗਈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਲੂਨ ਦੇ ਮਾਲਕ ਨੂੰ ਜ਼ੁਬਾਨੀ ਨਿਯਮ ਚੇਤੇ ਕਰਵਾਏ ਪਰ ਕੋਈ ਜੁਰਮਾਨਾ ਨਹੀਂ ਲਗਾਇਆ। ਬਿਆਨ ਵਿੱਚ ਅਦਾਕਾਰਾ ਦੇ ਬੁਲਾਰੇ ਨੇ ਕਿਹਾ ਕਿ ਪ੍ਰਿਯੰਕਾ ਫਿਲਮ ਦੇ ਮਕਸਦ ਨਾਲ ਸਲੂਨ ਗਈ ਸੀ ਅਤੇ ਉਸ ਨੂੰ ਉੱਥੇ ਜਾਣ ਦੀ ਵਿਸ਼ੇਸ਼ ਛੋਟ ਹੋਣ ਸਬੰਧੀ ਦਸਤਾਵੇਜ਼ ਪੁਲੀਸ ਨੂੰ ਦਿਖਾ ਦਿੱਤੇ ਗਏ ਸਨ। ਬੁਲਾਰੇ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਫਿਲਮ ਵਾਸਤੇ ਪ੍ਰਿਯੰਕਾ ਦੇ ਵਾਲ਼ਾਂ ਨੂੰ ਰੰਗਣ ਦੇ ਮਕਸਦ ਨਾਲ ਸੈਲੂਨ ਖੁੱਲ੍ਹਵਾਇਆ ਗਿਆ ਸੀ। ਇਸ ਦੌਰਾਨ ਹਰੇਕ ਵਿਅਕਤੀ ਦਾ ਟੈਸਟ ਕੀਤਾ ਗਿਆ ਅਤੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ। ਬੁਲਾਰੇ ਨੇ ਕਿਹਾ, ‘‘ਫਿਲਮ ਤੇ ਟੀਵੀ ਨਿਰਮਾਤਾ ਹਾਊਸ ਨੂੰ ਬਰਤਾਨੀਆ ’ਚ ਸ਼ੂਟਿੰਗ ਜਾਰੀ ਰੱਖਣ ਦੀ ਮਨਜ਼ੂਰੀ ਮਿਲ ਗਈ ਹੈ ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅੱਗੇ ਵੀ ਸ਼ੂਟਿੰਗ ਜਾਰੀ ਰੱਖੀ ਜਾ ਸਕਦੀ ਹੈ।’’