ਚੰਡੀਗੜ੍ਹ:ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੀ ਫਿਲਮ ‘ਹੌਸਲਾ ਰੱਖ’ ਹੁਣ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਵੀ ਦੇਖੀ ਜਾ ਸਕੇਗੀ। ਐਮਾਜ਼ੋਨ ਪ੍ਰਾਈਮ ਵੀਡੀਓ ਨੇ ਭਲਕੇ 24 ਨਵੰਬਰ ਨੂੰ ਫਿਲਮ ‘ਹੌਸਲਾ ਰੱਖ’ ਨੂੰ ਭਾਰਤ ਸਣੇ 240 ਦੇਸ਼ਾਂ ਵਿੱਚ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਫਿਲਮ ਅਮਰਜੀਤ ਸਿੰਘ ਸਾਰੋਂ ਦੁਆਰਾ ਨਿਰਦੇਸ਼ਿਤ ਹੈ, ਜਿਸ ਵਿੱਚ ਅਦਾਕਾਰਾ ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਮੁੱਖ ਭੂਮਿਕਾਵਾਂ ਵਿਚ ਹਨ। ਫ਼ਿਲਮ ਦਾ ਨਿਰਮਾਣ ਦਿਲਜੀਤ ਵੱਲੋਂ ਕੀਤਾ ਗਿਆ ਹੈ। ਇਹ ਫਿਲਮ ਇੱਕ ਰੋਮਾਂਟਿਕ ਕਾਮੇਡੀ ਹੈ, ਜੋ ਕਿ ਪਿਤਾ-ਪੁੱਤਰ ਦੇ ਰਿਸ਼ਤੇ ਦੇ ਨਾਲ-ਨਾਲ ਆਧੁਨਿਕ ਸਮੇਂ ਦੇ ਰਿਸ਼ਤੇ ’ਤੇ ਆਧਾਰਿਤ ਹੈ। ‘ਹੌਸਲਾ ਰੱਖ’ ਨੂੰ ਸਿਨੇਮਾ ਘਰਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦਾ ਨਿਰਮਾਣ ਦਿਲਜੀਤ ਥਿੰਦ ਨੇ ਥਿੰਦ ਮੋਸ਼ਨ ਫਿਲਮਜ਼ ਅਤੇ ਸਟੋਰੀ ਟਾਈਮ ਪ੍ਰੋਡਕਸ਼ਨ ਦੇ ਬੈਨਰ ਹੇਠ ਸਾਂਝੇ ਤੌਰ ’ਤੇ ਕੀਤਾ ਹੈ। ਦਿਲਜੀਤ ਦੋਸਾਂਝ ਨੇ ਕਿਹਾ, “ਹੌਸਲਾ ਰੱਖ’ ਬਹੁਤ ਸਾਰੇ ਕਾਰਨਾਂ ਕਰ ਕੇ ਖਾਸ ਹੈ। ਮੈਂ ਇਸ ਖੂਬਸੂਰਤ ਕਹਾਣੀ ਨੂੰ ਦੁਨੀਆ ਭਰ ਦੇ ਦਰਸ਼ਕਾਂ ਤੱਕ ਪਹੁੰਚਾਉਣਾ ਚਾਹੁੰਦਾ ਹਾਂ। ਤੁਹਾਨੂੰ ਘਰਾਂ ਵਿੱਚ ਇਸ ਦਾ ਆਨੰਦ ਲੈਣ ਦਾ ਮੌਕਾ ਦੇ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ।’ ਫਿਲਮਸਾਜ਼ ਅਮਰਜੀਤ ਸਿੰਘ ਸਾਰੋਂ ਨੇ ਕਿਹਾ ਕਿ ਇੱਕ ਫਿਲਮ ਨਿਰਮਾਤਾ ਹੋਣ ਦੇ ਨਾਤੇ ਦੁਨੀਆ ਭਰ ਦੇ ਦਰਸ਼ਕਾਂ ਵੱਲੋਂ ਉਸ ਦੀ ਕਹਾਣੀ ਨੂੰ ਇੰਨੀ ਮਜ਼ਬੂਤੀ ਨਾਲ ਦੇਖਣ ਤੋਂ ਵੱਡੀ ਖੁਸ਼ੀ ਹੋਰ ਕੋਈ ਨਹੀਂ ਹੈ।