ਅੰਮ੍ਰਿਤਸਰ, ਰੇਲ ਮਾਹਿਰਾਂ ਅਨੁਸਾਰ ਦਸਹਿਰੇ ਵਾਲੇ ਦਿਨ ਵਾਪਰਿਆ ਰੇਲ ਹਾਦਸਾ ਟਾਲਿਆ ਜਾ ਸਕਦਾ ਸੀ, ਜੇਕਰ ਪ੍ਰਬੰਧਕਾਂ ਨੇ ਰੇਲਵੇ ਨੂੰ ਸੂਚਿਤ ਕੀਤਾ ਹੁੰਦਾ। ਰੇਲਵੇ ਵੱਲੋਂ ਅਜਿਹੇ ਮੌਕੇ ’ਤੇ ਇਕ ਚੌਕਸੀ ਆਦੇਸ਼ (ਕੌਸ਼ਨ ਆਰਡਰ) ਜਾਰੀ ਕੀਤਾ ਜਾਂਦਾ ਹੈ, ਜਿਸ ਨਾਲ ਰੇਲ ਚਾਲਕ ਨੂੰ ਅਜਿਹੇ ਸਥਾਨ ’ਤੇ ਰੇਲ ਦੀ ਗਤੀ ਘੱਟ ਕਰਨ ਬਾਰੇ ਅਗਾਊਂ ਆਦੇਸ਼ ਮਿਲ ਜਾਂਦੇ ਹਨ।
ਰੇਲ ਹਾਦਸੇ ਵਾਲੀ ਥਾਂ ਜੌੜਾ ਫਾਟਕ ’ਤੇ ਦੋ ਰੇਲ ਫਾਟਕ ਹਨ ਅਤੇ ਤਿੰਨ ਰੇਲ ਲਾਈਨਾਂ ਹਨ। ਇਕ ਰੇਲ ਲਾਈਨ ਅੰਮ੍ਰਿਤਸਰ-ਪਠਾਨਕੋਟ ਆਉਣ ਜਾਣ ਵਾਸਤੇ ਹੈ। ਉਥੇ ਵੀ ਇਕ ਰੇਲ ਫਾਟਕ ਹੈ ਅਤੇ ਕੁਝ ਕਦਮਾਂ ਦੀ ਦੂਰੀ ’ਤੇ ਅੰਮ੍ਰਿਤਸਰ-ਦਿੱਲੀ ਅਤੇ ਦਿੱਲੀ-ਅੰਮ੍ਰਿਤਸਰ ਰੇਲ ਮਾਰਗ ਹੈ। ਇਹ ਦੋਵਾਂ ਰੇਲ ਲਾਈਨਾਂ ’ਤੇ ਵੀ ਇਕ ਰੇਲ ਫਾਟਕ ਲੱਗਾ ਹੋਇਆ ਹੈ। ਇਸ ਦੇ ਨੇੜੇ ਹੀ ਰੇਲ ਫਾਟਕ ਬੰਦ ਕਰਨ ਵਾਲੇ ਕਰਮਚਾਰੀ ਦਾ ਦਫ਼ਤਰ ਹੈ। ਇਸ ਦਫ਼ਤਰ ਤੋਂ ਅੰਮ੍ਰਿਤਸਰ ਵਾਲੇ ਪਾਸੇ ਲਗਪਗ 400 ਮੀਟਰ ਦੀ ਦੂਰੀ ’ਤੇ ਦਸਹਿਰਾ ਸਥਾਨ ਸੀ। ਇਸ ਨੂੰ ਦੇਖਣ ਵਾਲੇ ਬਾਹਰ ਰੇਲ ਪਟੜੀ ’ਤੇ ਖੜ੍ਹੇ ਸਨ। ਜਦੋਂ ਬੁੱਤਾਂ ਨੂੰ ਅੱਗ ਲਾਈ ਤਾਂ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ’ਤੇ ਇਕ ਲਾਈਨ ’ਤੇ ਅੰਮ੍ਰਿਤਸਰ ਤੋਂ ਹਾਵੜਾ ਵਾਸਤੇ ਇਕ ਰੇਲ ਗੱਡੀ ਨਿਕਲ ਰਹੀ ਸੀ, ਜਦੋਂਕਿ ਦਿੱਲੀ-ਅੰਮ੍ਰਿਤਸਰ ਰੇਲ ਮਾਰਗ ’ਤੇ ਦੂਜੇ ਪਾਸਿਓਂ ਡੀਐਮਯੂ ਆ ਰਹੀ ਸੀ। ਫਾਟਕ ਬੰਦ ਸੀ ਅਤੇ ਫਾਟਕ ਬੰਦ ਕਰਨ ਵਾਲਾ ਕਰਮਚਾਰੀ ਆਪਣੇ ਦਫ਼ਤਰ ਦੇ ਬਾਹਰ ਖੜ੍ਹਾ ਰੇਲ ਗੱਡੀਆਂ ਨੂੰ ਸਿਗਨਲ ਦਿਖਾ ਰਿਹਾ ਸੀ।
ਦੋਵਾਂ ਰੇਲ ਗੱਡੀਆਂ ਦੀ ਇਕੱਠੀ ਆਮਦ ਕਾਰਨ ਉਸ ਨੂੰ ਹਾਦਸੇ ਵਾਲੀ ਥਾਂ ਦਿਖਾਈ ਨਹੀਂ ਦੇ ਰਹੀ ਸੀ। ਇਸੇ ਤਰ੍ਹਾਂ ਡੀਐਮਯੂ ਰੇਲ ਗੱਡੀ ਦਾ ਚਾਲਕ ਦੂਜੇ ਪਾਸੇ ਆ ਰਹੀ ਹਾਵੜਾ ਮੇਲ ਰੇਲ ਗੱਡੀ ਦੇ ਚਾਲਕ ਨੂੰ ‘ਆਲ ਇਜ਼ ਰਾਈਟ’ ਸਿਗਨਲ ਬੱਤੀ ਜਗਾ-ਬੁਝਾ ਕੇ ਦੇ ਰਿਹਾ ਸੀ। ਆ ਰਹੀ ਰੇਲ ਗੱਡੀ ਦੀ ਅਗਲੀ ਬੱਤੀ ਦੀ ਰੌਸ਼ਨੀ ਅਤੇ ਪੁਤਲੇ ਸਾੜਨ ਕਾਰਨ ਬਲ ਰਹੀ ਅੱਗ ਦੀ ਰੌਸ਼ਨੀ ਵਿਚ ਸ਼ਾਇਦ ਡੀਐਮਯੂ ਦੇ ਚਾਲਕ ਨੂੰ ਪਟੜੀ ’ਤੇ ਖੜ੍ਹੇ ਲੋਕ ਦਿਖਾਈ ਨਹੀਂ ਦਿੱਤੇ। ਜਦੋਂ ਤਕ ਉਸ ਨੂੰ ਪਤਾ ਲੱਗਾ, ਉਦੋਂ ਤਕ ਹਾਦਸਾ ਵਾਪਰ ਚੁੱਕਾ ਸੀ।
ਇਹ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਅਲੋਕ ਮਹਿਰੋਤਰਾ ਨੇ ਦੱਸਿਆ ਕਿ ਜੇਕਰ ਪ੍ਰਬੰਧਕਾਂ ਨੇ ਇਸ ਦਸਹਿਰੇ ਮੇਲੇ ਬਾਰੇ ਅਗਾਊਂ ਪ੍ਰਵਾਨਗੀ ਪੱਤਰ ਦਿੱਤਾ ਹੁੰਦਾ ਤਾਂ ਰੇਲ ਵਿਭਾਗ ਵੱਲੋਂ ਰੇਲ ਫਾਟਕ ਦੇ ਕਰਮਚਾਰੀ, ਰੇਲ ਗੱਡੀ ਦੇ ਚਾਲਕ ਤੇ ਇਸ ਤੋਂ ਪਹਿਲਾਂ ਆਉਂਦੇ ਰੇਲਵੇ ਸਟੇਸ਼ਨਾਂ ’ਤੇ ਚੌਕਸੀ ਆਦੇਸ਼ ਭੇਜ ਦੇਣੇ ਸਨ, ਜਿਸ ਤਹਿਤ ਰੇਲ ਗੱਡੀ ਇਸ ਸਥਾਨ ’ਤੇ ਲਗਭਗ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਲੰਘਣੀ ਸੀ ਅਤੇ ਲੋੜ ਪੈਣ ’ਤੇ ਰੁਕਣੀ ਵੀ ਸੀ।
ਉਨ੍ਹਾਂ ਆਖਿਆ ਕਿ ਪ੍ਰਬੰਧਕਾਂ ਵੱਲੋਂ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਉਨ੍ਹਾਂ ਆਖਿਆ ਕਿ ਰੇਲ ਫਾਟਕ ਦੇ ਕਰਮਚਾਰੀ ਨੇ ਆਪਣੇ ਵੱਲੋਂ ਫਾਟਕ ਬੰਦ ਕਰਕੇ ਆਪਣੀ ਡਿਊਟੀ ਨਿਭਾਈ ਹੈ। ਉਸ ਵੇਲੇ ਜੋ ਸਥਿਤੀ ਬਣੀ ਸੀ, ਸ਼ਾਇਦ ਉਹ ਵੀ ਰੇਲ ਪਟੜੀ ’ਤੇ ਖੜ੍ਹੇ ਲੋਕਾਂ ਨੂੰ ਦੇਖਣ ਅਤੇ ਡੀਐਮਯੂ ਦੇ ਚਾਲਕ ਨੂੰ ਕੋਈ ਸੰਕੇਤ ਦੇਣ ਵਿਚ ਅਸਮਰੱਥ ਸੀ।
ਡਿਊਟੀ ’ਤੇ ਹਾਜ਼ਰ ਕਰਮਚਾਰੀ ਦੁਆਰਕਾ ਦਾਸ ਨੇ ਆਖਿਆ ਕਿ ਅਜਿਹੀ ਹੰਗਾਮੀ ਸਥਿਤੀ ਵਿਚ ਲਾਲ ਝੰਡੀ ਦਿਖਾ ਕੇ ਹੀ ਸਿਰਫ਼ ਗੱਡੀ ਦੇ ਚਾਲਕ ਨੂੰ ਚੌਕਸ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਹੋਰ ਕੋਈ ਵੀ ਪ੍ਰਣਾਲੀ ਰੇਲ ਗੱਡੀ ਦੇ ਚਾਲਕ ਨੂੰ ਚੌਕਸ ਕਰਨ ਵਾਸਤੇ ਨਹੀਂ ਹੈ।
ਸਿੱਧੂ ਨੇ ਰੇਲ ਮੰਤਰੀ ਨੂੰ ਪੱਤਰ ਭੇਜਿਆ
ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਰੇਲ ਪਟੜੀਆਂ ’ਤੇ ਵਾਪਰਦੇ ਰੇਲ ਹਾਦਸੇ ਰੋਕਣ ਲਈ ਪੱਕੇ ਪ੍ਰਬੰਧ ਕਰਨ ਵਾਸਤੇ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਨੂੰ ਪੱਤਰ ਲਿਖਿਆ ਹੈ। ਅੱਜ ਸਰਕਟ ਹਾਊਸ ਵਿਚ ਹਾਦਸੇ ਦੌਰਾਨ ਮਾਰੇ ਵਿਅਕਤੀਆਂ ਦੇ ਵਾਰਸਾਂ ਨੂੰ ਚੈੱਕ ਵੰਡਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੱਧੂ ਨੇ ਦੱਸਿਆ ਕਿ ਰੇਲ ਮੰਤਰੀ ਨੂੰ ਭੇਜੇ ਪੱਤਰ ਵਿਚ ਮੰਗ ਕੀਤੀ ਹੈ ਕਿ ਰੇਲ ਪਟੜੀਆਂ ’ਤੇ, ਖਾਸ ਕਰਕੇ ਸੰਘਣੀ ਆਬਾਦੀ ਵਾਲੇ ਖੇਤਰਾਂ ਵਿਚ ਮੁੰਬਈ-ਪੁਣੇ ਹਾਈਵੇਅ ਦੀ ਤਰ੍ਹਾਂ ਵਾੜ ਕੀਤੀ ਜਾਵੇ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰੇ ਲਾਉਣ, ਪਟੜੀ ’ਤੇ ਲਗਾਤਾਰ ਗਸ਼ਤ ਕਰਨ ਤੇ ਅਲਾਰਮ ਆਦਿ ਲਾਉਣ ਦਾ ਸੁਝਾਅ ਦਿੱਤਾ ਗਿਆ ਹੈ।