ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ਤਰੰਜ ਉਲੰਪਿਆਡ ਦੇ 44ਵੇਂ ਸੈਸ਼ਨ ਤੋਂ ਪਹਿਲਾਂ ਇਸ ਵੱਕਾਰੀ ਟੂਰਨਾਮੈਂਟ ਦੀ ਪਹਿਲੀ ਮਸ਼ਾਲ ਰਿਲੇਅ ਨੂੰ ਹਰੀ ਝੰਡੀ ਦਿਖਾਈ। ਸ਼ਤਰੰਜ ਓਲੰਪਿਆਡ ਮਹਾਬਲੀਪੁਰਮ ਵਿਚ 28 ਜੁਲਾਈ ਤੋਂ 10 ਅਗਸਤ ਤੱਕ ਹੋਵੇਗੀ। ਸ਼ਤਰੰਜ ਦੀ ਕੌਮਾਂਤਰੀ ਸੰਸਥਾ ‘ਫਿਡੇ’ ਪਹਿਲੀ ਵਾਰ ਮਸ਼ਾਲ ਰਿਲੇਅ ਕਰਾਉਣ ਜਾ ਰਹੀ ਹੈ ਜੋ ਕਿ ਓਲੰਪਿਕ ਦੀ ਰਵਾਇਤ ਤੋਂ ਪ੍ਰੇਰਿਤ ਹੈ। ‘ਫਿਡੇ’ ਦੇ ਪ੍ਰਧਾਨ ਅਰਕਾਡੀ ਵੋਰਕੋਵਿਚ ਨੇ ਮਸ਼ਾਲ ਪ੍ਰਧਾਨ ਮੰਤਰੀ ਨੂੰ ਸੌਂਪੀ ਜਿਨ੍ਹਾਂ ਅੱਗੇ ਇਸ ਨੂੰ ਮਹਾਨ ਸ਼ਤਰੰਜ ਖਿਡਾਰੀ ਵਿਸ਼ਵਨਾਥਨ ਆਨੰਦ ਨੂੰ ਸੌਂਪਿਆ। ਮਸ਼ਾਲ 40 ਦਿਨ ਵਿਚ 75 ਸ਼ਹਿਰਾਂ ਵਿਚ ਗੁਜ਼ਰ ਕੇ ਚੇਨਈ ਨੇੜੇ ਮਹਾਬਲੀਪੁਰਮ ਪਹੁੰਚੇਗੀ। ਹਰੇਕ ਸ਼ਹਿਰ ਵਿਚ ਉਸ ਰਾਜ ਦੇ ਸ਼ਤਰੰਜ ਗ੍ਰੈਂਡਮਾਸਟਰ ਨੂੰ ਮਸ਼ਾਲ ਸੌਂਪੀ ਜਾਵੇਗੀ। ਲੇਹ, ਸ੍ਰੀਨਗਰ, ਜੈਪੁਰ, ਸੂਰਤ, ਮੁੰਬਈ, ਭੁੁਪਾਲ, ਪਟਨਾ, ਕੋਲਕਾਤਾ, ਗੰਗਟੋਕ, ਹੈਦਰਾਬਾਦ, ਬੰਗਲੂਰੂ, ਤ੍ਰਿਸ਼ੂਰ, ਪੋਰਟ ਬਲੇਅਰ ਤੇ ਕੰਨਿਆਕੁਮਾਰੀ ਉਨ੍ਹਾਂ 75 ਸ਼ਹਿਰਾਂ ਵਿਚ ਸ਼ਾਮਲ ਹਨ ਜਿੱਥੋਂ ਮਸ਼ਾਲ ਗੁਜ਼ਰੇਗੀ। ਭਾਰਤ ਪਹਿਲੀ ਵਾਰ ਇਸ ਵੱਕਾਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ।