ਪੈਰਿਸ:ਇੱਥੇ ਐਤਵਾਰ ਨੂੰ ਸ਼ੁਰੂ ਹੋਏ ਫਰੈਂਚ ਓਪਨ ਮੌਕੇ ਦਰਸ਼ਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਇਸ ਵਾਰ ਦਰਸ਼ਕਾਂ ਦੀ ਗਿਣਤੀ ਵਿਚ ਪਿਛਲੇ ਸਾਲ ਦੇ ਮੁਕਾਬਲੇ ਵਾਧਾ ਕੀਤਾ ਗਿਆ ਹੈ। ਜਾਪਾਨ ਦੀ ਚਾਰ ਗਰੈਂਡ ਸਲੈਮ ਜੇਤੂ ਨਾਓਮੀ ਓਸਾਕਾ ਨੂੰ ਇੱਥੇ ਪਹਿਲੇ ਗੇੜ ਦੀ ਜਿੱਤ ਦਰਜ ਕਰਨ ਮਗਰੋਂ ਪ੍ਰੈੱਸ ਕਾਨਫਰੰਸ ਵਿੱਚ ਸ਼ਾਮਲ ਨਾ ਹੋਣ ਕਾਰਨ 15,000 ਡਾਲਰ ਦਾ ਜੁਰਮਾਨਾ ਕੀਤਾ ਗਿਆ। ਗਰੈਂਡ ਸਲੈਮ ਟੈਨਿਸ ਟੂਰਨਾਮੈਂਟ ਕਰਵਾਉਣ ਵਾਲੇ ਬੋਰਡ ਨੇ ਜਾਪਾਨੀ ਖਿਡਾਰਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਸ ਨੇ ਟੂਰਨਾਮੈਂਟ ਦੇ ਮੈਚਾਂ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਵਿੱਚ ਹਿੱਸਾ ਨਾ ਲਿਆ ਤਾਂ ਉਸ ਨੂੰ ਫਰੈਂਚ ਓਪਨ ਤੋਂ ਇਲਾਵਾ ਹੋਰ ਟੂਰਨਾਮੈਂਟ ਖੇਡਣ ਤੋਂ ਵੀ ਹੱਥ ਧੋਣਾ ਪੈ ਸਕਦਾ ਹੈ। ਨਾਓਮੀ ਓਸਾਕਾ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਮਾਨਸਿਕ ਸਿਹਤ ਸਮੱਸਿਆਵਾਂ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਫਰੈਂਚ ਓਪਨ ਦੌਰਾਨ ਉਹ ਮੀਡੀਆ ਦੇ ਰੂਬਰੂ ਨਹੀਂ ਹੋ ਸਕੇਗੀ। ਦੁਨੀਆਂ ਦੀ ਸਾਬਕਾ ਨੰਬਰ ਇੱਕ ਖਿਡਾਰਨ ਜਰਮਨ ਦੀ ਏਂਜਲਿਕ ਕਰਬਰ ਨੂੰ ਯੂਕਰੇਨ ਦੀ ਕੁਆਲੀਫਾਇਰ ਇਨਹੇਲੀਨਾ ਕਾਲਿਨਿਨਾ ਨੇ ਡੇਢ ਘੰਟਾ ਚੱਲੇ ਮੁਕਾਬਲੇ ਵਿਚ 6-2 ਤੇ 6-4 ਨਾਲ ਹਰਾਇਆ। ਵੀਨਸ ਵਿਲੀਅਮਜ਼ ਆਪਣੇ ਤੋਂ ਅੱਧੀ ਉਮਰ ਦੀ ਕੋਕੋ ਗੌਫ ਨਾਲ ਰਲ ਕੇ ਖੇਡੇਗੀ। ਇਹ ਅਮਰੀਕੀ ਜੋੜੀ ਬੁੱਧਵਾਰ ਨੂੰ ਐਲਿਨ ਪੇਰੇਜ਼ ਅਤੇ ਜ਼ੇਨ ਸੈਸਾਈ ਨਾਲ ਮੁਕਾਬਲਾ ਕਰੇਗੀ।