ਪੈਰਿਸ, 2 ਨਵੰਬਰ
ਰਾਫੇਲ ਨਡਾਲ ਅਤੇ ਨੋਵਾਕ ਜੋਕੋਵਿਚ ਨੇ ਕ੍ਰਮਵਾਰ ਸਟਾਨ ਵਾਵਰਿੰਕਾ ਅਤੇ ਕਾਇਲ ਐਡਮੰਡ ਨੂੰ ਹਰਾ ਕੇ ਪੈਰਿਸ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਨਡਾਲ ਨੇ ਤਿੰਨ ਵਾਰ ਗ੍ਰੈਂਡਸਲੈਮ ਚੈਂਪੀਅਨ ਵਾਵਰਿੰਕਾ ਨੂੰ 6-4, 6-4 ਨਾਲ ਮਾਤ ਦੇ ਕੇ ਉਸ ਖ਼ਿਲਾਫ਼ ਜਿੱਤ ਦਾ ਰਿਕਾਰਡ 19-3 ਕਰ ਦਿੱਤਾ। ਬਾਰਾਂ ਵਾਰ ਦੇ ਫਰੈਂਚ ਓਪਨ ਜੇਤੂ ਨਡਾਲ ਹੁਣ ਕੁਆਰਟਰ ਫਾਈਨਲ ਵਿੱਚ 2008 ਦੇ ਚੈਂਪੀਅਨ ਵਿਲਫਰੇਡ ਸੋਂਗਾ ਨਾਲ ਭਿੜਨਗੇ ਜਿਨ੍ਹਾਂ ਨੇ ਜਰਮਨੀ ਦੇ ਜਾਨ ਲੇਨਾਰਡ ਸਟਰਫ ਨੂੰ 2-6, 6-4, 7-6 ਨਾਲ ਹਰਾਇਆ। ਉਸ ਤੋਂ ਪਹਿਲਾਂ ਸੋਲਾਂ ਵਾਰ ਗ੍ਰੈਂਡਸਲੈਮ ਚੈਂਪੀਅਨ ਜੋਕੋਵਿਚ ਨੇ ਬਿ੍ਟੇਨ ਦੇ ਕਾਇਲ ਐਡਮੰਡ ਨੂੰ 7-6, 6-1 ਨਾਲ ਮਾਤ ਦਿੱਤੀ। ਨਡਾਲ ਅਤੇ ਜੋਕੋਵਿਚ ਵਿਚਾਲੇ ਸਾਲ ਦੇ ਅੰਤ ਵਿੱਚ ਵਿਸ਼ਵ ਰੈਂਕਿੰਗ ਦੇ ਸਿਖਰ ’ਤੇ ਰਹਿਣ ਦੀ ਖਿੱਚੋਤਾਣ ਜਾਰੀ ਹੈ। ਇਹ ਪੱਕਾ ਹੈ ਕਿ 33 ਸਾਲ ਦੇ ਨਡਾਲ ਅਗਲੇ ਹਫ਼ਤੇ ਜਾਰੀ ਹੋਣ ਵਾਲੀ ਰੈਂਕਿੰਗ ’ਚ ਜੋਕੋਵਿਚ ਨੂੰ ਪਛਾੜ ਦੇਣਗੇ ਪਰ ਇਥੇ ਖਿਤਾਬ ਜਿੱਤਣ ਦੇ ਅਗਲੇ ਮਹੀਨੇ ਲੰਡਨ ’ਚ ਹੋਣ ਵਾਲੇ ਏਟੀਪੀ ਟੂਰ ਫਾਈਨਲਜ਼ ਤੋਂ ਪਹਿਲਾਂ ਹੀ ਉਹ ਸਾਲ ਦੇ ਅਖੀਰ ’ਚ ਸਿਖਰਲਾ ਸਥਾਨ ਨਿਸਚਿਤ ਕਰ ਲੈਣਗੇ।