ਪੈਰਿਸ, 31 ਅਕਤੂਬਰ
ਫਰਾਂਸ ਦੇ ਜੈਰੇਮੀ ਚਾਰਡੀ ਨੇ ਪੈਰਿਸ ਟੈਨਿਸ ਮਾਸਟਰਜ਼ ਦੇ ਦੂਜੇ ਗੇੜ ਵਿੱਚ ਰੂਸ ਦੇ ਡੈਨਿਲ ਮੈਦਵੇਦੇਵ ਨੂੰ ਹਰਾ ਕੇ ਉਲਟਫੇਰ ਕੀਤਾ ਅਤੇ ਉਸ ਦੀ ਲਗਾਤਾਰ ਸੱਤਵੇਂ ਫਾਈਨਲ ਵਿੱਚ ਪਹੁੰਚਣ ਦੀ ਉਮੀਦ ਤੋੜ ਦਿੱਤੀ। ਇਸੇ ਤਰ੍ਹਾਂ ਉਸ ਦੇ ਹਮਵਤਨ ਅਤੇ ਮੌਜੂਦਾ ਚੈਂਪੀਅਨ ਕਾਰੇਨ ਖਾਚਾਨੋਵ ਨੂੰ ਵੀ ਜਰਮਨੀ ਦੇ ਜਾਨ ਲੈਨਾਰਡ ਸਟਰਫ਼ ਤੋਂ ਹਾਰ ਝੱਲਣੀ ਪਈ।
ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਵਿਸ਼ਵ ਦੇ ਨੰਬਰ ਚਾਰ ਖਿਡਾਰੀ ਬਣੇ ਮੈਦਵੇਦੇਵ ਨੇ ਇੱਥੇ ਬੇਰਸੀ ਐਰੇਨਾ ’ਤੇ ਪਹਿਲਾ ਸੈੱਟ ਜਿੱਤਿਆ, ਜਦੋਂਕਿ ਦੋ ਗੁਆਏ। ਇਸ ਤਰ੍ਹਾਂ ਉਸ ਨੂੰ 4-6, 6-2, 6-4 ਨਾਲ ਸ਼ਿਕਸਤ ਮਿਲੀ। 23 ਸਾਲਾ ਖਿਡਾਰੀ ਨੇ ਹਾਰ ਮਗਰੋਂ ਕਿਹਾ, ‘‘ਇਹ ਨਿਰਾਸ਼ਾਜਨਕ ਹੈ। ਪਹਿਲਾਂ ਮੈਂ 10-15 ਮਿੰਟ ਗੁੱਸੇ ਵਿੱਚ (ਮੈਚ ਮਗਰੋਂ) ਸੀ, ਪਰ ਅਖ਼ੀਰ ਤੁਹਾਨੂੰ ਸਮਝਣਾ ਪੈਂਦਾ ਹੈ ਕਿ ਏਹੀ ਜ਼ਿੰਦਗੀ ਹੈ।’’ ਉਸ ਨੇ ਕਿਹਾ, ‘‘ਕਦੀ ਤੁਸੀਂ ਜਿੱਤਦੇ ਹੋ, ਕਦੀ ਹਾਰ ਜਾਂਦੇ ਹੋ। ਭਾਵੇਂ ਮੈਂ ਹਾਰ ਗਿਆ, ਮੈਂ ਇਸ ਨੂੰ ਤਜਰਬੇ ਵਜੋਂ ਲੈ ਸਕਦਾ ਹਾਂ।’’ ਮੈਦਵੇਦੇਵ ਜੁਲਾਈ ਮਹੀਨੇ ਤੋਂ ਲਗਾਤਾਰ ਫਾਈਨਲ ਵਿੱਚ ਪਹੁੰਚਦਾ ਆ ਰਿਹਾ ਹੈ। ਇਸ ਦੌਰਾਨ ਉਸ ਨੇ ਸਿਨਸਿਨਾਟੀ ਓਪਨ ਅਤੇ ਸ਼ੰਘਾਈ ਮਾਸਟਰਜ਼ ਦੇ ਖ਼ਿਤਾਬ ਜਿੱਤੇ, ਜਦਕਿ ਯੂਐੱਸ ਓਪਨ ਚੈਂਪੀਅਨਸ਼ਿਪ ਮੈਚ ਵਿੱਚ ਰਾਫੇਲ ਨਡਾਲ ਤੋਂ ਹਾਰ ਗਿਆ।
ਫਰਾਂਸ ਦੀ ਰਾਜਧਾਨੀ ਵਿੱਚ ਘਰੇਲੂ ਦਰਸ਼ਕਾਂ ਦੇ ਸਮਰਥਨ ਦੌਰਾਨ ਚਾਰਡੀ ਨੇ ਨੌਂ ਬਰੇਕ ਅੰਕ ਬਚਾਏ। ਹੁਣ ਉਹ ਆਖ਼ਰੀ-16 ਦੇ ਮੁਕਾਬਲੇ ਵਿੱਚ 15ਵਾਂ ਦਰਜਾ ਪ੍ਰਾਪਤ ਜੌਹਨ ਇਸਨਰ ਜਾਂ ਚਿੱਲੀ ਦੇ ਕ੍ਰਿਸਟੀਅਨ ਗੈਰਿਨ ਨਾਲ ਭਿੜੇਗਾ। ਇਸ ਤੋਂ ਪਹਿਲਾਂ 36ਵਾਂ ਦਰਜਾ ਪ੍ਰਾਪਤ ਜਾਨ ਲੈਨਾਰਡ ਸਟਰਫ਼ ਨੇ ਦੂਜੇ ਗੇੜ ਵਿੱਚ ਮੌਜੂਦਾ ਚੈਂਪੀਅਨ ਖਾਚਾਨੋਵ ’ਤੇ 7-6 (7/5), 3-6, 7-5 ਨਾਲ ਜਿੱਤ ਹਾਸਲ ਕੀਤੀ। ਹੁਣ ਉਸ ਦੀ ਪ੍ਰੀ-ਕੁਆਰਟਰ ਵਿੱਚ ਜੋ-ਵਿਲਫਰੈੱਡ ਸੋਂਗਾ ਜਾਂ ਇਟਲੀ ਦੇ ਦਸਵਾਂ ਦਰਜਾ ਪ੍ਰਾਪਤ ਮਾਤਿਓ ਬਰੈਤਿਨੀ ਨਾਲ ਟੱਕਰ ਹੋ ਸਕਦੀ ਹੈ। ਖਾਚਾਨੋਵ ਸਿਖਰਲੇ ਦਸ ਖਿਡਾਰੀਆਂ ਵਿੱਚੋਂ ਚਾਰ ਨੂੰ ਹਰਾ ਚੁੱਕਿਆ ਹੈ, ਜਿਨ੍ਹਾਂ ਵਿੱਚ ਨੋਵਾਕ ਜੋਕੋਵਿਚ ਵੀ ਸ਼ਾਮਲ ਹੈ। ਛੇਵਾਂ ਦਰਜਾ ਪ੍ਰਾਪਤ ਅਲੈਗਜੈਂਡਰ ਜੈਵੇਰੇਵ ਨੇ ਫਰਨੈਂਡੋ ਵਰਡਾਸਕੋ ਨੂੰ 6-1, 6-3 ਨਾਲ ਸ਼ਿਕਸਤ ਦਿੱਤੀ।