ਟੋਕੀਓ:ਭਾਰਤੀ ਖਿਡਾਰਨ ਭਾਵਿਨਾਬੇਨ ਪਟੇਲ ਵੀਰਵਾਰ ਨੂੰ ਇੱਥੇ ਗ੍ਰੇਟ ਬ੍ਰਿਟੇਨ ਦੀ ਮੈਗਨ ਸ਼ੈਕਲਟਨ ਨੂੰ 3-1 ਨਾਲ ਹਰਾ ਕੇ ਟੋਕੀਓ ਪੈਰਾਲੰਪਿਕ ਖੇਡਾਂ ਦੇ ਟੇਬਲ ਟੈਨਿਸ ਮੁਕਾਬਲੇ ਵਿੱਚ ਮਹਿਲਾ ਸਿੰਗਲ ਦਰਜਾ ਚਾਰ ਦੇ ਨਾਕਆਊਟ ਦੌਰ ਵਿੱਚ ਪਹੁੰਚ ਗਈ ਹੈ। ਭਾਰਤ ਦੀ 34 ਸਾਲਾ ਖਿਡਾਰਨ ਨੇ ਵਿਸ਼ਵ ਦੀ ਨੌਵੇਂ ਨੰਬਰ ਦੀ ਸ਼ੈਕਲਟਨ ਨੂੰ 41 ਮਿੰਟ ਤੱਕ ਚੱਲੇ ਮੈਚ ਵਿੱਚ 11-7, 9-11, 17-15, 13-11 ਨਾਲ ਹਰਾਇਆ। ਵਿਸ਼ਵ ਦੀ 12ਵੇਂ ਨੰਬਰ ਦੀ ਭਾਰਤੀ ਖਿਡਾਰਨ ਲਈ ਅੱਜ ਕਰੋ ਜਾਂ ਮਰੋ ਵਾਲੀ ਸਥਿਤੀ ਸੀ। ਉਸ ਨੇ ਪਹਿਲੀ ਗੇਮ ਕੇਵਲ ਅੱਠ ਮਿੰਟ ਵਿੱਚ ਜਿੱਤੀ ਪਰ ਸ਼ੈਕਲਟਨ ਨੇ ਦੂਜੀ ਗੇਮ ਜਿੱਤ ਕੇ ਚੰਗੀ ਵਾਪਸੀ ਕੀਤੀ। ਇਸ ਤੋਂ ਬਾਅਦ ਅਗਲੀਆਂ ਦੋ ਗੇਮਾਂ ਵਿੱਚ ਦੋਵੇਂ ਖਿਡਾਰਨਾਂ ਨੇ ਸਖ਼ਤ ਮਿਹਨਤ ਕੀਤੀ। ਭਾਰਤੀ ਖਿਡਾਰਨ ਨੇ ਮਹੱਤਵਪੂਰਨ ਮੌਕਿਆਂ ’ਤੇ ਅੰਕ ਬਣਾਏ ਅਤੇ ਜਿੱਤ ਹਾਸਲ ਕਰਨ ਵਿੱਚ ਸਫ਼ਲ ਰਹੀ। ਭਾਵਿਨਾਬੇਨ ਨੇ ਮੈਚ ਮਗਰੋਂ ਕਿਹਾ ਕਿ ਮੈਂ ਆਗਾਮੀ ਮੈਚਾਂ ਵਿੱਚ ਵਧੀਆ ਪ੍ਰਦਰਸ਼ਨ ਕਰਨਾ ਚਾਹੁੰਦੀ ਹਾਂ। ਉਸ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੈਂ ਇਸ ਸਖ਼ਤ ਮੁਕਾਬਲੇ ਵਿੱਚ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੀ। ਮੈਂ ਇੱਕ-ਇੱਕ ਅੰਕ ਲਈ ਸੰਘਰਸ਼ ਕੀਤਾ ਅਤੇ ਹਾਰ ਨਹੀਂ ਮੰੰਨੀ। ਭਾਵਿਨਾਬੇਨ ਦੀ ਇਸ ਟੂਰਨਾਮੈਂਟ ਵਿੱਚ ਇਹ ਪਹਿਲੀ ਜਿੱਤ ਹੈ ਕਿਉਂਕਿ ਉਹ ਆਪਣੇ ਪਹਿਲੇ ਮੈਚ ਵਿੱਚ ਵਿਸ਼ਵ ਦੀ ਨੰਬਰ ਇੱਕ ਚੀਨੀ ਖਿਡਾਰਨ ਝੋਅ ਯਿੰਗ ਤੋਂ 0-3 ਨਾਲ ਹਾਰ ਗਈ ਸੀ। ਉਸ ਦੇ ਦੋ ਮੈਚਾਂ ਵਿੱਚ ਤਿੰਨ ਅੰਕ ਰਹੇ ਹਨ ਅਤੇ ਉਹ ਯਿੰਗ ਨਾਲ ਨਾਕਆਊਟ ਵਰਗ ਵਿੱਚ ਪਹੁੰਚਣ ਵਿੱਚ ਸਫ਼ਲ ਰਹੀ ਹੈ।