ਟੋਰਾਂਟੋ — ਓਨਟਾਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਆਗੂ ਪੈਟਰਿਕ ਬ੍ਰਾਊਨ 7 ਜੂਨ ਨੂੰ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ‘ਚ ਉਸ ਹਲਕੇ ਤੋਂ ਚੋਣ ਨਹੀਂ ਲੜ ਸਕਣਗੇ ਜਿਸ ‘ਚ ਉਨ੍ਹਾਂ ਨੂੰ ਨਾਮਜਦ ਕੀਤਾ ਗਿਆ ਹੈ। ਇਹ ਜਾਣਕਾਰੀ ਵੀਰਵਾਰ ਨੂੰ ਪਾਰਟੀ ਨੇ ਹੀ ਦਿੱਤੀ।
ਪਾਰਟੀ ਨੇ ਇਕ ਬਿਆਨ ‘ਚ ਕਿਹਾ ਕਿ ਉਹ ਸਾਰਿਆਂ ਦੀ ਸਹਿਮਤੀ ਨਾਲ ਇਸ ਫੈਸਲੇ ‘ਤੇ ਪਹੁੰਚੇ ਹਨ ਕਿ ਬ੍ਰਾਊਨ ਬੈਰੀ-ਸਪਰਿੰਗਵਾਟਰ-ਓਰੋ-ਮੈਡੌਂਟੇ ਤੋਂ ਖੜ੍ਹੇ ਹੋਣ ਦੇ ਸਮਰਥ ਨਹੀਂ ਹਨ। ਬ੍ਰਾਊਨ, ਜਿਨ੍ਹਾਂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਦੇ ਚੱਲਦਿਆਂ ਜਨਵਰੀ ‘ਚ ਪਾਰਟੀ ਦੇ ਆਗੂ ਵਜੋਂ ਅਸਤੀਫਾ ਦੇ ਦਿੱਤਾ ਸੀ, ਬਾਰੇ ਗੱਬਾਤ ਤੋਂ ਬਾਅਦ ਇਹ ਐਲਾਨ ਕੀਤਾ ਗਿਆ। ਵੀਰਵਾਰ ਰਾਤ ਨੂੰ ਬ੍ਰਾਊਨ ਨੇ ਟਵੀਟ ਕੀਤਾ ਕਿ ਉਹ ਆਪਣੀ ਕੰਜ਼ਰਵੇਟਿਵ ਲਹਿਰ ਪ੍ਰਤੀ ਅਤੇ ਆਪਣੀ ਲੋਕਲ ਕਮਿਊਨਿਟੀ ਦੀ ਭਲਾਈ ਲਈ ਵਚਨਬੱਧ ਹਨ।
ਬ੍ਰਾਊਨ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਬੈਰੀ-ਸਪਰਿੰਗਵਾਟਰ-ਓਰੋ-ਮੈਡੌਂਟੇ ਨੂੰ ਅਜਿਹਾ ਪੀ. ਸੀ. ਪਾਰਟੀ ਉਮੀਦਵਾਰ ਮਿਲੇਗਾ ਜਿਹੜਾ ਸਾਡੇ ਲੋਕਾਂ ਲਈ ਸਖ਼ਤ ਮਿਹਨਤ ਕਰੇਗਾ। ਉਨ੍ਹਾਂ ਕਿਹਾ ਕਿ ਪਿਛਲੇ 17 ਸਾਲਾਂ ਤੋਂ ਉਨ੍ਹਾਂ ਨੂੰ ਸਮਰਥਨ ਦੇਣ ਵਾਲੇ ਬੈਰੀ ਅਤੇ ਸਿਮਕੋਏ ਕਾਊਂਟੀ ਦੇ ਲੋਕਾਂ ਦਾ ਉਹ ਦਿਲੋਂ ਧੰਨਵਾਦ ਕਰਦੇ ਹਨ। ਪਿਛਲੇ ਮਹੀਨੇ ਬ੍ਰਾਊਨ ਨੇ ਆਪਣਾ ਪੁਰਾਣਾ ਰੁਤਬਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਕ ਹਫਤੇ ਬਾਅਦ ਹੀ ਉਨ੍ਹਾਂ ਲੀਡਰਸ਼ਿਪ ਦੌੜ ਤੋਂ ਇਹ ਕਹਿੰਦਿਆਂ ਹੋਇਆਂ ਕਿਨਾਰਾ ਕਰ ਲਿਆ ਸੀ ਕਿ ਉਨ੍ਹਾਂ ‘ਤੇ ਲੱਗੇ ਦੋਸ਼ਾਂ ਕਾਰਨ ਉਨ੍ਹਾਂ ਦਾ ਪਰਿਵਾਰ ਅਤੇ ਦੋਸਤ ਪ੍ਰਭਾਵਿਤ ਹੋ ਰਹੇ ਹਨ।
ਇਸ ਤੋਂ ਬਾਅਦ 10 ਮਾਰਚ ਨੂੰ ਹੋਏ ਪਾਰਟੀ ਇਜਲਾਸ ‘ਚ ਕੰਜ਼ਰਵੇਟਿਵਾਂ ਨੇ ਟੋਰਾਂਟੋ ਸਿਟੀ ਦੇ ਸਾਬਕਾ ਕਾਉਂਸਲਰ ਡੱਗ ਫੋਰਡ ਨੂੰ ਬ੍ਰਾਊਨ ਦੇ ਜਾਨਸ਼ੀਨ ਵਜੋਂ ਚੁਣ ਲਿਆ। ਪਾਰਟੀ ਪ੍ਰੈਜ਼ੀਡੈਂਟ ਜੱਗ ਬਡਵਾਲ ਨੇ ਕਿਹਾ ਕਿ ਕਮੇਟੀ ਇਸ ਗੱਲ ‘ਤੇ ਵੀ ਸਹਿਮਤ ਹੋਈ ਹੈ ਕਿ 3 ਹਲਕਿਆਂ-ਬਰੈਂਪਟਨ ਨੌਰਥ, ਮਿਸੀਸਾਗਾ ਸੈਂਟਰ ਤੇ ਨਿਊਮਾਰਕਿਟ ਅਰੋਰਾ ‘ਚ ਨਾਮਜਦਗੀਆਂ ਮੁੜ ਖੋਲ੍ਹੀਆਂ ਜਾਣਗੀਆਂ। ਕਮੇਟੀ ਨੇ ਹੈਮਿਲਟਨ ਵੈਸਟ ਐਨਕਾਸਟਰ-ਡੰਡਾਸ ਹਲਕੇ ਦੀ ਨਾਮਜਦਗੀ ਨੂੰ ਵੀ ਗੜਬੜੀ ਦੇ ਚੱਲਦਿਆਂ ਦਰਕਿਨਾਰ ਕਰ ਦਿੱਤਾ ਹੈ।