ਨਵੀਂ ਦਿੱਲੀ, 3 ਫਰਵਰੀ
ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਉਸ ਕੋਲ ਪੈਗਾਸਸ ਸਪਾਈਵੇਅਰ ਵਿਵਾਦ ਨਾਲ ਸਬੰਧਤ ਕੋਈ ਜਾਣਕਾਰੀ ਨਹੀਂ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਰ ਬਾਗਚੀ ਨੇ ਕਿਹਾ, ‘ਜਿਸ ਕਥਿਤ ਮਾਮਲੇ ਦਾ ਹਵਾਲਾ ਦਿੱਤਾ ਗਿਆ ਹੈ ਉਸ ਦੀ ਜਾਂਚ ਸੁਪਰੀਮ ਕੋਰਟ ਵੱਲੋਂ ਗਠਿਤ ਇੱਕ ਕਮੇਟੀ ਕਰ ਰਹੀ ਹੈ। ਇਸ ਮਾਮਲੇ ’ਚ ਵਿਦੇਸ਼ ਮੰਤਰਾਲੇ ਕੋਲ ਕੋਈ ਜਾਣਕਾਰੀ ਨਹੀਂ ਹੈ।’ ਉਹ ਨਿਊਯਾਰਕ ਟਾਈਮਜ਼ ਦੀ ਇੱਕ ਹਾਲੀਆ ਰਿਪੋਰਟ ’ਤੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਅਮਰੀਕੀ ਅਖ਼ਬਾਰ ਨੇ ਆਪਣੀ ਇੱਕ ਖ਼ਬਰ ’ਚ ਦਾਅਵਾ ਕੀਤਾ ਸੀ ਕਿ 2017 ’ਚ ਭਾਰਤ ਤੇ ਇਜ਼ਰਾਈਲ ਵਿਚਾਲੇ ਹੋਏ ਤਕਰੀਬਨ ਦੋ ਅਰਬ ਡਾਲਰ ਦੇ ਅਤਿ-ਆਧੁਨਿਕ ਹਥਿਆਰਾਂ ਤੇ ਖੁਫੀਆ ਉਪਕਰਨਾਂ ਦੇ ਸੌਦੇ ’ਚ ਪੈਗਾਸਸ ਸਪਾਈਵੇਅਰ ਤੇ ਇੱਕ ਮਿਜ਼ਾਈਲ ਪ੍ਰਣਾਲੀ ਦੀ ਖਰੀਦ ਮੁੱਖ ਤੌਰ ’ਤੇ ਸ਼ਾਮਲ ਸੀ।