ਵਸ਼ਿੰਗਟਨ, 18 ਅਗਸਤ
ਅਮਰੀਕਾ ਦੇ ਫੌਜੀ ਹੈੱਡਕੁਆਰਟਰ ਪੈਂਟਾਗਨ ਨੇ ਅਮਰੀਕੀ ਫੌਜ ਵੱਲੋਂ ਅਫਗਾਨਿਸਤਾਨ ਦੇ ਹਵਾਈ ਅੱਡੇ ’ਤੇ ਸੋਮਵਾਰ ਨੂੰ ਹਵਾ ਵਿੱਚ ਗੋਲੀਬਾਰੀ ਕਰਨ ਦੀ ਗੱਲ ਕਬੂਲ ਲਈ ਹੈ। ਇਸੇ ਦੌਰਾਨ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਗੋਲੀਬਾਰੀ ਕਾਰਨ ਨਾ ਤਾਂ ਕੋਈ ਵਿਅਕਤੀ ਜ਼ਖ਼ਮੀ ਹੋਇਆ ਸੀ ਤੇ ਨਾ ਹੀ ਕਿਸੇ ਵਿਅਕਤੀ ਦੀ ਮੌਤ ਹੋਈ ਹੈ। ਪੈਂਟਾਗਨ ਦੇ ਬੁਲਾਰੇ ਜੋਹਨ ਕਿਰਬੀ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਕਿਸੇ ਵੀ ਵਸਨੀਕ ਜਾਂ ਆਮ ਨਾਗਰਿਕ ਨੂੰ ਗੋਲੀਬਾਰੀ ਦਾ ਨਿਸ਼ਾਨਾ ਨਹੀਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਛੱਡਣ ਵਾਲੇ ਲੋਕਾਂ ਦੀ ਭੀੜ ਹਵਾਈ ਅੱਡੇ ’ਤੇ ਜਮ੍ਹਾਂ ਹੋ ਗਈ ਸੀ ਤੇ ਭੀੜ ਨੂੰ ਖਿੰਡਾਉਣ ਲਈ ਹੀ ਹਵਾਈ ਅੱਡੇ ਦੇ ਗੇਟ ’ਤੇ ਹਵਾ ਵਿੱਚ ਫਾਇਰਿੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਛੱਡਣ ਵਾਲੇ ਇੱਛੁਕ ਲੋਕਾਂ ਦੀ ਸਹੂਲਤ ਲਈ ਤਾਲਿਬਾਨ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ।