ਨਵੀਂ ਦਿੱਲੀ, 11 ਨਵੰਬਰ
ਸਰਹੱਦੀ ਖੇਤਰ ਵਿੱਚ ਚੀਨ ਵੱਲੋਂ ਕੀਤੀਆਂ ਉਸਾਰੀਆਂ ਸਬੰਧੀ ਅਮਰੀਕੀ ਰੱਖਿਆ ਵਿਭਾਗ ਦੀ ਰਿਪੋਰਟ ਦਾ ਗੰਭੀਰ ਨੋਟਿਸ ਲੈਂਦਿਆਂ ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਨਾ ਹੀ ਭਾਰਤ ਨੇ ਕਦੇ ਚੀਨ ਦੇ ਗੈਰਕਾਨੂੰਨੀ ਕਬਜ਼ੇ ਨੂੰ ਮੰਨਿਆ ਹੈ ਅਤੇ ਨਾ ਹੀ ਅਜਿਹੇ ਅਣਉਚਿਤ ਦਾਅਵਿਆਂ ਨੂੰ ਸਵੀਕਾਰਿਆ ਹੈ। ਕਾਬਿਲੇਗੌਰ ਹੈ ਕਿ ਪੈਂਟਾਗਨ ਨੇ ਕਿਹਾ ਸੀ ਚੀਨ ਨੇ ਅਰੁਣਾਚਲ ਪ੍ਰਦੇਸ਼ ਖੇਤਰ ਦੇ ਵਿਵਾਦਤ ਇਲਾਕੇ ਵਿੱਚ ਵੱਡਾ ਪਿੰਡ ਉਸਾਰ ਲਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਆਪਣੀ ਸੁਰੱਖਿਆ ’ਤੇ ਅਸਰਅੰਦਾਜ਼ ਹੋਣ ਵਾਲੀਆਂ ਸਾਰੀਆਂ ਕਾਰਵਾਈਆਂ ’ਤੇ ਲਗਾਤਾਰ ਨਜ਼ਰ ਰੱਖ ਰਿਹਾ ਅਤੇ ਮੁਲਕ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਲਈ ਲੋੜੀਂਦੇ ਕਦਮ ਚੁੱਕਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਵੀ ਸੜਕਾਂ ਅਤੇ ਪੁਲਾਂ ਦੀ ਉਸਾਰੀ ਸਮੇਤ ਸਰਹੱਦ ’ਤੇ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਹੈੇ।