ਸੇਂਟ ਪੀਟਰਜ਼ਬਰਗ, 19 ਜਨਵਰੀ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਪੂਰਬੀ ਯੂਕਰੇਨ ’ਚ ਕਈ ਸਾਲਾਂ ਤੋਂ ਲੜੀ ਜਾ ਰਹੀ ਜੰਗ ਨੂੰ ਰੋਕਣ ਲਈ ਮਾਸਕੋ ਨੇ ਯੂਕਰੇਨ ਖ਼ਿਲਾਫ਼ ਕਾਰਵਾਈ ਕੀਤੀ ਹੈ। ਸਾਬਕਾ ਫ਼ੌਜੀਆਂ ਨਾਲ ਮੀਟਿੰਗ ਦੌਰਾਨ ਪੂਤਿਨ ਨੇ ਕਿਹਾ ਕਿ ਡੋਨਬਾਸ ’ਚ ਚੱਲ ਰਹੇ ਸੰਘਰਸ਼ ਨੂੰ ਰੂਸ ਰੋਕਣਾ ਚਾਹੁੰਦਾ ਸੀ ਜਿਥੇ ਰੂਸ ਪੱਖੀ ਵੱਖਵਾਦੀਆਂ ਵੱਲੋਂ ਯੂਕਰੇਨੀ ਫ਼ੌਜ ਨਾਲ 2014 ਤੋਂ ਜੰਗ ਲੜੀ ਜਾ ਰਹੀ ਹੈ। ਪੂਤਿਨ ਨੇ ਕਿਹਾ ਕਿ ਡੋਨਬਾਸ ’ਚ 2014 ਤੋਂ ਭਾਰੀ ਹਥਿਆਰਾਂ, ਤੋਪਾਂ, ਟੈਂਕਾਂ ਅਤੇ ਜੈੱਟਾਂ ਨਾਲ ਵੱਡੇ ਪੱਧਰ ’ਤੇ ਜੰਗ ਲੜੀ ਜਾ ਰਹੀ ਹੈ। ‘ਅਸੀਂ ਹੁਣ ਜੋ ਵਿਸ਼ੇਸ਼ ਫ਼ੌਜੀ ਮੁਹਿੰਮ ਚਲਾਈ ਹੈ, ਉਹ ਜੰਗ ਰੋਕਣ ਦੀ ਕੋਸ਼ਿਸ਼ ਹੈ। ਉਨ੍ਹਾਂ ਇਲਾਕਿਆਂ ’ਚ ਰਹਿੰਦੇ ਲੋਕਾਂ ਦੀ ਅਸੀਂ ਸੁਰੱਖਿਆ ਚਾਹੁੰਦੇ ਹਾਂ।’ ਪੂਤਿਨ ਨੇ ਕਿਹਾ ਕਿ ਰੂਸ ਨੇ ਯੂਕਰੇਨ ’ਚ ਫ਼ੌਜ ਭੇਜਣ ਤੋਂ ਪਹਿਲਾਂ ਸ਼ਾਂਤੀਪੂਰਨ ਢੰਗ ਨਾਲ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨਾਲ ਧੋਖਾ ਕੀਤਾ ਗਿਆ। ਪੂਤਿਨ ਨੇ 18 ਜਨਵਰੀ, 1943 ਨੂੰ ਨਾਜ਼ੀਆਂ ਦੇ ਕਬਜ਼ੇ ’ਚੋਂ ਸ਼ਹਿਰ (ਲੈਨਿਨਗ੍ਰਾਦ) ਨੂੰ ਛੁਡਾਉਣ ਲਈ ਰੈੱਡ ਆਰਮੀ ਦੀ 80ਵੀਂ ਵਰ੍ਹੇਗੰਢ ਦੀ ਯਾਦ ’ਚ ਕਰਵਾਏ ਗਏ ਸਮਾਗਮ ਦੌਰਾਨ ਸੇਂਟ ਪੀਟਰਜ਼ਬਰਗ ਦਾ ਦੌਰਾ ਕੀਤਾ।