ਨਵੀਂ ਦਿੱਲੀ, 20 ਜੁਲਾਈ
ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਅੱਜ ਕਿਹਾ ਕਿ ਭਲਵਾਨ ਬਜਰੰਗ ਪੂਨੀਆ ਤੇ ਮਹਿਲਾ ਭਲਵਾਨ ਵਿਨੇਸ਼ ਫੋਗਾਟ ਨੂੰ ਏਸ਼ਿਆਈ ਖੇਡਾਂ ਦੇ ਟਰਾਇਲ ’ਚੋਂ ਛੋਟ ਦੇਣਾ ਮੰਦਭਾਗਾ ਹੈ। ਜ਼ਿਕਰਯੋਗ ਹੈ ਕਿ ਬ੍ਰਿਜ ਭੂਸ਼ਣ ਮਹਿਲਾ ਭਲਵਾਨਾਂ ਵੱਲੋਂ ਲਾਏ ਗਏ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਭਾਰਤੀ ਓਲੰਪਿਕਸ ਐਸੋਸੀਏਸ਼ਨ (ਆਈਓਏ) ਦੀ ਐਡਹਾਕ ਕਮੇਟੀ ਨੇ ਮੰਗਲਵਾਰ ਨੂੰ ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ ਨੂੰ ਏਸ਼ਿਆਈ ਖੇਡਾਂ ਵਿੱਚ ਸਿੱਧੇ ਦਾਖਲੇ ਲਈ ਮਨਜ਼ੂਰੀ ਦਿੱਤੀ ਸੀ। ਇਹ ਦੋਵੇਂ ਭਲਵਾਨ ਬ੍ਰਿਜ ਭੂਸ਼ਣ ਖ਼ਿਲਾਫ਼ ਰੋਸ ਪ੍ਰਦਰਸ਼ਨਾਂ ਵਿੱਚ ਸਭ ਤੋਂ ਅੱਗੇ ਸਨ। ਇਸ ਘਟਨਾਕ੍ਰਮ ਬਾਰੇ ਬ੍ਰਿਜ ਭੂਸ਼ਣ ਨੇ ਕਿਹਾ ਕਿ ਉਨ੍ਹਾਂ ਨੇ ਭਲਵਾਨਾਂ ਨੂੰ ਟਰਾਇਲ ਤੋਂ ਛੋਟ ਦੇਣ ਦਾ ਰੁਝਾਨ ਖਤਮ ਕਰ ਦਿੱਤਾ ਸੀ ਕਿਉਂਕਿ ਇਹ ਮਹਿਸੂਸ ਕੀਤਾ ਗਿਆ ਕਿ ਭਲਵਾਨਾਂ ਨੂੰ ਟਰਾਇਲ ਤੋਂ ਛੋਟ ਦੇਣ ਨਾਲ ਜੂਨੀਅਰ ਭਲਵਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਪੀਟੀਆਈ ਨੂੰ ਇੰਟਰਵਿਊ ਦੌਰਾਨ ਬ੍ਰਿਜ ਭੂਸ਼ਣ ਨੇ ਕਿਹਾ, ‘‘ਐਡਹਾਕ ਪੈਨਲ ਦੇ ਫੈਸਲੇ ਤੋਂ ਮੈਂ ਨਾਰਾਜ਼ ਹਾਂ। ਇਹ ਫੈਸਲਾ ਦੇਸ਼ ਵਿੱਚ ਕੁਸ਼ਤੀ ਦੀ ਖੇਡ ਨੂੰ ਨੁਕਸਾਨ ਪਹੁੰਚਾਏਗਾ। ਇਸ ਖੇਡ ਨੂੰ ਉੱਚਾ ਚੁੱਕਣ ਵਿੱਚ ਕਈ ਲੋਕਾਂ ਨੇ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਸ਼ਤੀ ਇਕ ਅਜਿਹੀ ਖੇਡ ਹੈ ਜਿਸ ਵਿੱਚ ਓਲੰਪਿਕ ਤਗਮਾ ਜਿੱਤਣ ਦੀ ਗਾਰੰਟੀ ਹੁੰਦੀ ਹੈ ਤੇ ਬਿਨਾਂ ਟਰਾਇਲ ਤੋਂ ਦੋ ਭਲਵਾਨਾਂ ਦਾ ਏਸ਼ਿਆਈ ਖੇਡਾਂ ਵਿੱਚ ਸ਼ਾਮਲ ਹੋਣਾ ਮੰਦਭਾਗਾ ਹੈ।’’