ਮਾਸਕੋ/ਟੋਕੀਓ:
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ, ਜਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਕਈ ਆਲਮੀ ਆਗੂਆਂ ਨੇ ਉੜੀਸਾ ’ਚ ਵਾਪਰੇ ਰੇਲ ਹਾਦਸੇ ’ਤੇ ਪੀੜਤ ਪਰਿਵਾਰਾਂ ਅਤੇ ਭਾਰਤ ਸਰਕਾਰ ਨਾਲ ਦੁੱਖ ਸਾਂਝਾ ਕੀਤਾ ਹੈ। ਰੂਸੀ ਰਾਸ਼ਟਰਪਤੀ ਨੇ ਟੈਲੀਗ੍ਰਾਮ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹਾਦਸੇ ਦਾ ਅਫ਼ਸੋਸ ਪ੍ਰਗਟਾਉਂਦਿਆਂ ਜ਼ਖ਼ਮੀ ਵਿਅਕਤੀਆਂ ਦੇ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਜਪਾਨ ਦੇ ਪ੍ਰਧਾਨ ਮੰਤਰੀ ਨੇ ਇਕ ਬਿਆਨ ’ਚ ਕਿਹਾ ਕਿ ਉਹ ਆਪਣੀ ਸਰਕਾਰ ਅਤੇ ਲੋਕਾਂ ਤਰਫ਼ੋਂ ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟਾਉਂਦੇ ਹਨ। ਜਪਾਨੀ ਵਿਦੇਸ਼ ਮੰਤਰੀ ਯੋਸ਼ੀਮਾਸਾ ਹਯਾਸ਼ੀ ਨੇ ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਨੂੰ ਸੋਕ ਸੁਨੇਹਾ ਭੇਜਿਆ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਸ ਮੁਸ਼ਕਲ ਘੜੀ ’ਚ ਉਨ੍ਹਾਂ ਦੇ ਮੁਲਕ ਦੇ ਲੋਕ ਭਾਰਤੀ ਲੋਕਾਂ ਨਾਲ ਖੜ੍ਹੇ ਹਨ। ਭਾਰਤ ਦੇ ਦੌਰੇ ’ਤੇ ਆਏ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਵੀ ਪੀੜਤ ਪਰਿਵਾਰਾਂ ਨਾਲ ਅਫ਼ਸੋਸ ਜਤਾਉਂਦਿਆਂ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਅਰਦਾਸ ਕੀਤੀ ਹੈ। ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ, ਭੂਟਾਨ ਦੇ ਪ੍ਰਧਾਨ ਮੰਤਰੀ ਲੋਟੇ ਸ਼ੇਰਿੰਗ, ਇਟਲੀ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਐਂਟੋਨੀਓ ਤਜਾਨੀ, ਤਾਇਵਾਨ ਦੇ ਰਾਸ਼ਟਰਪਤੀ ਸਾਈ ਇੰਗ-ਵੇਨ ਤੇ ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਵੀ ਦੁੱਖ ਜਤਾਇਆ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਕਸਾਬਾ ਕੋਰੋਸੀ ਨੇ ਟਵੀਟ ਕਰਕੇ ਦੁੱਖ ਪ੍ਰਗਟਾਇਆ।