ਅੰਮਾਨ (ਜੌਰਡਨ), 9 ਮਾਰਚ
ਏਸ਼ਿਆਈ ਚੈਂਪੀਅਨ ਪੂਜਾ ਰਾਣੀ (75 ਕਿਲੋ) ਅਤੇ ਵਿਕਾਸ ਕ੍ਰਿਸ਼ਨ (69 ਕਿਲੋ) ਅੱਜ ਇੱਥੇ ਏਸ਼ਿਆਈ ਓਲੰਪਿਕ ਕੁਆਲੀਫਾਇਰ ਦੇ ਸੈਮੀਫਾਈਨਲ ਵਿੱਚ ਪਹੁੰਚ ਗਏ, ਜਿਸ ਨਾਲ ਉਹ ਇਸ ਸਾਲ ਦੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਭਾਰਤੀ ਮੁੱਕੇਬਾਜ਼ ਬਣ ਗਏ। ਚੌਥਾ ਦਰਜਾ ਪ੍ਰਾਪਤ ਰਾਣੀ ਨੇ ਥਾਈਲੈਂਡ ਦੀ ਪੋਰਨਿਪਾ ਚਿਊਟੀ ਨੂੰ 5-0 ਨਾਲ ਅਤੇ ਕ੍ਰਿਸ਼ਨ ਨੇ ਸਖ਼ਤ ਮੁਕਾਬਲੇ ਵਿੱਚ ਤੀਜਾ ਦਰਜਾ ਪ੍ਰਾਪਤ ਜਾਪਾਨੀ ਮੁੱਕੇਬਾਜ਼ ਸੈਵੋਨਰਟਸ ਓਕਾਜ਼ਾਵਾ ਨੂੰ ਹਰਾ ਕੇ ਏਸ਼ੀਆ/ ਓਸਿਆਨਾ ਕੁਆਲੀਫਾਈਂਗ ਟੂਰਨਾਮੈਂਟ ਵਿੱਚ ਤਗ਼ਮਾ ਪੱਕਾ ਕੀਤਾ। ਹਾਲਾਂਕਿ ਸਚਿਨ ਕੁਮਾਰ (81 ਕਿਲੋ) ਨੂੰ ਕੁਆਰਟਰ ਫਾਈਨਲ ਵਿੱਚ ਚੀਨ ਦੇ ਕੌਮੀ ਚੈਂਪੀਅਨ ਦਾਕਸਿੰਗ ਚੇਨ ਤੋਂ 2-3 ਨਾਲ ਹਾਰ ਝੱਲਣੀ ਪਈ। ਪਰ ਉਹ ਹੁਣ ਵੀ ਓਲੰਪਿਕ ਸਥਾਨ ਹਾਸਲ ਕਰ ਸਕਦਾ ਹੈ। ਇਸ ਭਾਰ ਵਰਗ ਤੋਂ ਚੋਟੀ ਦੇ ਪੰਜ ਮੁੱਕੇਬਾਜ਼ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨਗੇ।
ਰਾਣੀ ਨੇ ਜਿੱਥੇ ਪਹਿਲੀ ਵਾਰ ਓਲੰਪਿਕ ਕੋਟਾ ਹਾਸਲ ਕੀਤਾ ਹੈ, ਉਥੇ ਕ੍ਰਿਸ਼ਨ ਨੇ ਲਗਾਤਾਰ ਤੀਜੀ ਵਾਰ ਇਸ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ ਹੈ, ਜੋ ਜੁਲਾਈ-ਅਗਸਤ ਵਿੱਚ ਹੋਣਾ ਹੈ। ਰਾਣੀ ਨੇ ਤਿੰਨ ਵਾਰ ਏਸ਼ਿਆਈ ਤਗ਼ਮਾ ਜਿੱਤਿਆ ਹੈ ਅਤੇ 2014 ਦੀਆਂ ਏਸ਼ਿਆਈ ਖੇਡਾਂ ਵਿੱਚ ਕਾਂਸੀ ਵੀ ਹਾਸਲ ਕਰ ਚੁੱਕੀ ਹੈ।
ਰਾਣੀ ਨੇ ਕਿਹਾ, “ਮੈਂ ਇਸ ਮੁੱਕੇਬਾਜ਼ ਖ਼ਿਲਾਫ਼ ਪਹਿਲਾਂ ਨਹੀਂ ਖੇਡੀ ਸੀ, ਇਸ ਲਈ ਥੋੜ੍ਹੀ ਡਰੀ ਹੋਈ ਸੀ। ਮੈਂ ਫਾਈਟ ਤੋਂ ਪਹਿਲਾਂ ਆਪਣੇ ਕੋਚਾਂ ਨੂੰ ਇਸ ਬਾਰੇ ਦੱਸ ਦਿੱਤਾ ਸੀ। ਉਨ੍ਹਾਂ ਨੇ ਮੇਰਾ ਹੌਸਲਾ ਵਧਾਇਆ ਅਤੇ ਮੈਂ ਇਕਪਾਸੜ ਜਿੱਤ ਦਰਜ ਕਰ ਲਈ। ਮੈਂ ਮੁਕਾਬਲਾ ਜਿੱਤ ਕੇ ਖੁਸ਼ ਹਾਂ।’’ ਰਾਣੀ ਦਾ ਸਾਹਮਣਾ ਹੁਣ ਮੌਜੂਦਾ ਵਿਸ਼ਵ ਅਤੇ ਅਤੇ ਏਸ਼ਿਆਈ ਚੈਂਪੀਅਨ ਚੀਨ ਦੀ ਲੀ ਕਿਆਨ ਨਾਲ ਹੋਵੇਗਾ।
ਚੋਟੀ ਦਾ ਦਰਜਾ ਪ੍ਰਾਪਤ ਕਿਆਨ ਨੇ ਇੱਕ ਹੋਰ ਮੁਕਾਬਲੇ ਵਿੱਚ ਮੰਗੋਲੀਆ ਦੀ ਮਿਆਗਮਰਜਰਗਲ ਮੁੰਖਬਤ ਨੂੰ 5-0 ਨਾਲ ਸ਼ਿਕਸਤ ਦਿੱਤੀ।
ਕ੍ਰਿਸ਼ਨ ਨੂੰ ਹਾਲਾਂਕਿ ਬੀਤੇ ਸਾਲ ਓਲੰਪਿਕ ਟਰਾਇਲ ਮੁਕਾਬਲੇ ਵਿੱਚ ਸੋਨ ਤਗ਼ਮਾ ਜੇਤੂ ਓਕਾਜ਼ਾਵਾ ਖ਼ਿਲਾਫ਼ ਕਾਫ਼ੀ ਮੁਸ਼ੱਕਤ ਕਰਨ ਪਈ। ਉਸਨੇ ਲਗਾਤਾਰ ਮਜ਼ਬੂਤ ਪੰਚਾਂ ਨਾਲ ਅੰਕ ਲੈ ਕੇ 5-0 ਨਾਲ ਜਿੱਤ ਦਰਜ ਕੀਤੀ। ਹੁਣ ਉਹ ਸੈਮੀਫਾਈਨਲ ਵਿੱਚ ਕਜ਼ਾਖ਼ਸਤਾਨ ਦੇ ਦੂਜਾ ਦਰਜਾ ਪ੍ਰਾਪਤ ਅਬਲੇਖਾਨ ਝੁਸੁਪੋਵ ਨਾਲ ਭਿੜੇਗਾ। ਕਜ਼ਾਕ ਮੁੱਕੇਬਾਜ਼ ਨੇ ਥਾਈਲੈਂਡ ਦੇ ਵੁਟੀਚਾਈ ਮਾਸੁਕ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ ਹੈ। ਕ੍ਰਿਸ਼ਨ ਪੇਸ਼ੇਵਰ ਮੁੱਕੇਬਾਜ਼ੀ ਵਿੱਚ ਹੱਥ ਅਜ਼ਮਾਉਣ ਮਗਰੋਂ ਐਮੇਚਿਓਰ ਵਿੱਚ ਵਾਪਸੀ ਕਰ ਰਿਹਾ ਹੈ। ਵਾਪਸੀ ਮਗਰੋਂ ਉਸ ਨੇ ਦਸੰਬਰ ਵਿੱਚ ਦੱਖਣੀ ਏਸ਼ੀਆਈ ਖੇਡਾਂ ਵਿੱਚ ਸੋਨ ਤਗ਼ਮਾ ਹਾਸਲ ਕੀਤਾ।