ਮੁੰਬਈ, 24 ਸਤੰਬਰ

ਅਦਾਕਾਰਾ ਪੂਜਾ ਬੱਤਰਾ ਨੇ ਐਲਾਨ ਕੀਤਾ ਹੈ ਕਿ ਉਸ ਦੀ ਅਗਲੀ ਫ਼ਿਲਮ ‘ਦਰੋਪਦੀ ਅਨਲੀਸ਼ਡ’ ਭਲਕੇ ਅਮਰੀਕੀ ਥੀਏਟਰਾਂ ਵਿਚ ਰਿਲੀਜ਼ ਹੋਵੇਗੀ। ਇੰਸਟਾਗ੍ਰਾਮ ਪੋਸਟ ਕਰਦਿਆਂ ਕਈ ਹਿੱਟ ਹਿੰਦੀ ਫ਼ਿਲਮਾਂ ਵਿਚ ਯਾਦਗਾਰੀ ਭੂਮਿਕਾਵਾਂ ਨਿਭਾਉਣ ਵਾਲੀ ਅਭਿਨੇਤਰੀ ਨੇ ਕਿਹਾ ਕਿ ਮਹਾਮਾਰੀ ਤੋਂ ਬਾਅਦ ਅਮਰੀਕਾ ਵਿਚ ਰਿਲੀਜ਼ ਹੋਣ ਜਾ ਰਹੀ ਇਹ ਪਹਿਲੀ ਭਾਰਤੀ ਫ਼ਿਲਮ ਹੈ। ਅਮਰੀਕਾ ਵਿਚ ਸਿਨੇਮਾ ਹਾਲ ਕੋਵਿਡ ਕਾਰਨ ਮਾਰਚ ਵਿਚ ਬੰਦ ਕਰ ਦਿੱਤੇ ਗਏ ਸਨ, ਪਰ ਹੁਣ ਖੁੱਲ੍ਹ ਰਹੇ ਹਨ। 

ਹਾਲਾਂਕਿ ਵੱਡੀ ਗਿਣਤੀ ਥੀਏਟਰ ਅਜੇ ਵੀ ਬੰਦ ਹਨ। ਪੂਜਾ ਨੇ ਦੱਸਿਆ ਕਿ ਫ਼ਿਲਮ ਦੀ ਕਹਾਣੀ ਸੰਨ 1930 ਦੀ ਇਕ ਭਾਰਤੀ ਮੁਟਿਆਰ ਦੁਆਲੇ ਘੁੰਮਦੀ ਹੈ ਜੋ ਕਿ ਸੱਚੀ ਮੁਹੱਬਤ ਜਾਂ ਫਿਰ ਮਾਪਿਆਂ ਦੀ ਸਹਿਮਤੀ ਨਾਲ ਵਿਆਹ ਕਰਵਾਉਣ ਬਾਰੇ ਉਲਝਣ ’ਚ ਹੈ। ਇਸ ਸਫ਼ਰ ਦੌਰਾਨ ਉਹ ਖ਼ੁਦ ਨੂੰ ਲੱਭਦੀ ਹੈ, ਕਈ ਭੇਤ ਉੱਭਰਦੇ ਹਨ ਤੇ ਇੰਦਰਾ ਅੰਦਰਲੀ ਤਾਕਤ ਨੂੰ ਤਲਾਸ਼ ਕੇ ਖ਼ੁਦ ਨੂੰ ਆਜ਼ਾਦ ਕਰ ਲੈਂਦੀ ਹੈ। ਫ਼ਿਲਮ ਦਾ ਨਿਰਮਾਣ ਟੋਨੀ ਸਟੋਪਰਮੈਨ ਨੇ ਕੀਤਾ ਹੈ ਤੇ ਇਹ ਪਿਤਾਪੁਰਖੀ ਸਮਾਜ ਦੀਆਂ ਤਲਖ਼ ਹਕੀਕਤਾਂ ਨਾਲ ਨਜਿੱਠਦੀ ਹੈ।