ਫ਼ਰੀਦਕੋਟ, 12 ਮਈ

ਇਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਕਰੋਨਾ ਯੋਧਿਆਂ ਪੁਲੀਸ ਤੇ ਡਾਕਟਰਾਂ ਵਿਚਾਲੇ ਬਹਿਸ ਦਾ ਖਮਿਆਜ਼ਾ ਮਰੀਜ਼ਾਂ ਨੂੰ ਭੁਗਤਣਾ ਪਿਆ। ਕੁੱਝ ਡਾਕਟਰ ਅੱਧੀ ਰਾਤ ਨੂੰ ਇਲਾਜ ਲਈ ਆਏ ਮਰੀਜ਼ਾਂ ਨੂੰ ਵਿਲਕਦਾ ਛੱਡ ਕੇ ਹੜਤਾਲ ’ਤੇ ਚਲੇ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਡਾਕਟਰਾਂ ਦੀ ਸਿਟੀ ਫਰੀਦਕੋਟ ਦੇ ਪੁਲੀਸ ਮੁਲਾਜ਼ਮ ਨਾਲ ਕਥਿਤ ਤੌਰ ’ਤੇ-ਤੂੰ ਤੂੰ,ਮੈਂ-ਮੈਂ ਹੋ ਗਈ, ਜਿਸ ਤੋਂ ਬਾਅਦ ਡਾਕਟਰਾਂ ਨੇ ਹਸਪਤਾਲ ਵਿਚ ਹੀ ਹੰਗਾਮਾ ਕਰ ਦਿੱਤਾ। ਮੌਕੇ ਤੇ ਪੁੱਜੇ ਡੀਐਸਪੀ ਸੁਖਵਿੰਦਰ ਸਿੰਘ ਵਿਰਕ ਅਤੇ ਮੈਡੀਕਲ ਸੁਪਰਡੈਂਟ ਡਾ. ਸੁਲੇਖ ਮਿੱਤਲ ਨੇ ਦੋਹਾਂ ਧਿਰਾਂ ਨਾਲ ਗੱਲਬਾਤ ਕਰਕੇ ਡਾਕਟਰਾਂ ਨੂੰ ਮੁੜ ਐਂਮਰਜੈਂਸੀ ਵਾਰਡ ਵਿੱਚ ਭੇਜ ਦਿੱਤਾ। ਡੀਐੱਸਪੀ ਸਤਿੰਦਰ ਸਿੰਘ ਵਿਰਕ ਨੇ ਕਿਹਾ ਕਿ ਗੱਲਬਾਤ ਤੋਂ ਬਾਅਦ ਡਾਕਟਰ ਕੰਮ ’ਤੇ ਚਲੇ ਗਏ ਸਨ ਅਤੇ ਡਾਕਟਰਾਂ ਵੱਲੋਂ ਪੁਲੀਸ ਮੁਲਾਜ਼ਮ ਖ਼ਿਲਾਫ਼ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ, ਜਿਸ ਦੀ ਪੁਲੀਸ ਪੜਤਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਸ ਮਸਲੇ ਨੂੰ ਗੱਲਬਾਤ ਰਾਹੀਂ ਨਿਬੇੜਨ ਦੀ ਕੋਸ਼ਿਸ਼ ਕਰ ਰਿਹਾ ਹੈ।