ਤਰਨਤਾਰਨ, 9 ਅਗਸਤ
ਤਰਨਤਾਰਨ ਪੁਲੀਸ ਨੇ ਸੋਮਵਾਰ ਦੇਰ ਸ਼ਾਮ ਮੰਡ ਖੇਤਰ ਦੇ ਨਾਗੋਕੇ ਘਰਾਟ ‘ਚ ਚਲਾਏ ਵਿਸ਼ੇਸ਼ ਅਪਰੇਸ਼ਨ ਦੌਰਾਨ ਸੁੱਖ ਭਿਖਾਰੀਵਾਲ ਅਤੇ ਹੈਰੀ ਚੱਠਾ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਫੜੇ ਮੁਲਜ਼ਮਾਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਬਾਬਾ ਰਾਜਾ ਪੀਰਾਂਬਾਦ (ਗੁਰਦਾਸਪੁਰ) ਅਤੇ ਸੰਦੀਪ ਸਿੰਘ ਉਰਫ਼ ਕਾਲਾ ਵਾਸੀ ਪਿੰਡ ਅਵਾਨ ਅੰਮ੍ਰਿਤਸਰ ਵਜੋਂ ਹੋਈ ਹੈ। ਗੁਰਵਿੰਦਰ ਸਿੰਘ ਸ਼ੌਰਿਆ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦੇ ਕਤਲ ਦਾ ਮੁੱਖ ਮੁਲਜ਼ਮ ਹੈ। ਬਲਵਿੰਦਰ ਸਿੰਘ ਦੀ 16 ਅਕਤੂਬਰ 2020 ਨੂੰ ਉਨ੍ਹਾਂ ਦੇ ਘਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਐੱਸਐੱਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ਾਂ ਵਿੱਚ ਸਬੰਧਾਂ ਦੇ ਮੱਦੇਨਜ਼ਰ ਹੈਰੋਇਨ, ਅਫੀਮ, ਖ਼ਤਰਨਾਕ ਹਥਿਆਰਾਂ ਵਰਗੇ ਨਸ਼ਿਆਂ ਦੀ ਸਰਹੱਦ ਪਾਰੋਂ ਤਸਕਰੀ ਵਿੱਚ ਸ਼ਾਮਲ ਹਨ।