ਸ੍ਰੀ ਮੁਕਤਸਰ ਸਾਹਿਬ, 25 ਜੁਲਾਈ

ਪਿਛਲੇ ਦਿਨੀਂ ਇੱਕ ਲੜਕੀ ਦੇ ਪੈਰ ਵਿੱਚ ਗੋਲੀ ਮਾਰ ਕੇ ਉਸ ਨੂੰ ਜ਼ਖ਼ਮੀ ਕਰਨ ਅਤੇ ਇੱਕ ਵਿਅਕਤੀ ਦੇ ਘਰ ’ਤੇ ਗੋਲੀਬਾਰੀ ਕਰਨ ਵਾਲੇ ਦੋ ਗੈਂਗਸਟਰਾਂ ਨੂੰ ਮੁਕਤਸਰ ਪੁਲੀਸ ਨੇ ਮੁਕਾਬਲੇ ਮਗਰੋਂ ਕਾਬੂ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ 21 ਜੁਲਾਈ ਦੀ ਰਾਤ ਨੂੰ ਕਰੀਬ 10 ਵਜੇ ਦੋ ਮੋਟਰਸਾਈਕਲ ਸਵਾਰਾਂ ਨੇ ਅਵਨੀਸ਼ ਕੌਰ ਵਾਸੀ ਚੱਕ ਬੀੜ ਸਰਕਾਰ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਸੱਜੇ ਪੈਰ ’ਚ ਗੋਲੀ ਲੱਗ ਗਈ ਸੀ ਅਤੇ ਬਾਅਦ ਵਿੱਚ ਮੋਟਰਸਾਈਕਲ ਸਵਾਰ ਜਗਮੀਤ ਸਿੰਘ ਵਾਸੀ ਕੋਟਲੀ ਦੇਵਨ ਦੇ ਘਰ ਦੇ ਗੇਟ ’ਤੇ ਗੋਲੀਆਂ ਚਲਾ ਕੇ ਭੱਜ ਗਏ। ਪੁਲੀਸ ਨੇ ਅਜੈ ਕੁਮਾਰ ਗੁੰਬਰ ਵਾਸੀ ਭਾਗਸਰ ਸਣੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ। ਅਜੈ ਖ਼ਿਲਾਫ਼ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ, ਮੁਹਾਲੀ ਅਤੇ ਫਰੀਦਕੋਟ ਵਿੱਚ ਵੀ ਕਈ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਦੂਜੇ ਮੁਲਜ਼ਮ ਦੀ ਪਛਾਣ ਸੰਦੀਪ ਉਰਫ ਸਨੀ ਭਿੰਡਰ ਵਾਸੀ ਭਿੰਡਰ ਖੁਰਦ ਮੋਗਾ ਵਜੋਂ ਹੋਈ ਹੈ। ਇਨ੍ਹਾਂ ਮੁਲਜ਼ਮਾਂ ਨੂੰ ਫੜਨ ਲਈ ਐੱਸਪੀ (ਡੀ) ਰਮਨਦੀਪ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਇੱਕ ਟੀਮ ਗਠਿਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਐੱਸਆਈ ਰਮਨ ਕੰਬੋਜ ਤੇ ਪੁਲੀਸ ਪਾਰਟੀ ਨੇ ਬੀਤੇ ਦਿਨ ਚੱਕ ਮਦਰੱਸਾ ਪੁਲ ਕੋਲ ਨਾਕਾ ਲਾਇਆ ਹੋਇਆ ਸੀ ਅਤੇ ਇਸ ਦੌਰਾਨ ਅਜੈ ਗੁੰਬਰ ਤੇ ਸੰਦੀਪ ਉਰਫ ਸਨੀ ਭਿੰਡਰ ਅਤੇ ਪੁਲੀਸ ਵਿਚਕਾਰ ਗੋਲੀਬਾਰੀ ਹੋਈ ਜਿਸ ਦੌਰਾਨ ਅਜੈ ਕੁਮਾਰ ਗੁੰਬਰ ਦੀ ਲੱਤ ਵਿੱਚ ਗੋਲੀ ਵੱਜੀ। ਪੁਲੀਸ ਪਾਰਟੀ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੁੱਛ ਪੜਤਾਲ ਦੌਰਾਨ ਅਜੈ ਕੁਮਾਰ ਗੁੰਬਰ ਨੇ ਖੁਲਾਸਾ ਕੀਤਾ ਕਿ ਉਸ ਦੇ ਮਨੀ ਭਿੰਡਰ ਵਾਸੀ ਭਿੰਡਰ ਖੁਰਦ ਜੋ ਮੌਜੂਦਾ ਸਮੇਂ ਅਮਰੀਕਾ ਵਿੱਚ ਰਹਿੰਦਾ ਹੈ (ਜਿਸ ’ਤੇ ਮੋਗਾ ਵਿੱਚ 8 ਕੇਸ ਦਰਜ ਹਨ) ਅਤੇ ਸੁੱਖਾ ਦੁੱਨੇਕੇ ਨਾਂ ਦੇ ਗੈਂਗਸਟਰਾਂ ਨਾਲ ਸਬੰਧ ਹਨ।