ਨਿਹਾਲ ਸਿੰਘ ਵਾਲਾ, ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿੱਚ ਹੋਈਆਂ ਵਰਲਡ ਪੁਲੀਸ ਖੇਡਾਂ ਵਿੱਚ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਤਹਿਸੀਲ ਦੇ ਪਿੰਡ ਨੰਗਲ ਦੇ ਹਰਭਜਨ ਸਿੰਘ ਭੱਜੀ ਨੇ ਸੋਨ ਤਗ਼ਮਾ ਜਿੱਤ ਕੇ ਆਲਮੀ ਪੱਧਰ ’ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਭਾਰਤ ਦੀ ਨੁਮਾਇੰਦਗੀ ਕਰਦਿਆਂ ਹਰਭਜਨ ਸਿੰਘ ਨੇ ਗ੍ਰੀਕੋ ਰੋਮਨ ਵਿੱਚ 75 ਕਿਲੋ ਅਤੇ ਫਰੀ ਸਟਾਈਲ ਵਿੱਚ 74 ਕਿਲੋ ਭਾਰ ਵਰਗ ਵਿੱਚ ਕੁਸ਼ਤੀ ਲੜੀ। ਭਾਰਤੀ ਪਹਿਲਵਾਨ ਨੇ ਫ਼ਰੀ ਸਟਾਈਲ ਕੁਸ਼ਤੀ ਵਿੱਚ ਖੁਸ਼ੀਅਸ ਥੈਪੋ ਦੀ ਲੋਟਣੀ ਲਵਾ ਕੇ ਮੁਲਕ ਲਈ ਸੋਨ ਤਗ਼ਮਾ ਅਤੇ ਗ੍ਰੀਕੋ ਰੋਮਨ ਕੁਸ਼ਤੀ ਵਿੱਚ ਜੋਰਜੀਆ ਦੇ ਥੰਮਸ਼ੀ ਨੂੰ ਹਰਾ ਕੇ ਚਾਂਦੀ ਦਾ ਤਗ਼ਮਾ ਹਾਸਿਲ ਕੀਤਾ। ਹਰਿਆਣਾ ਦੇ ਸੱਤਿਆਪਾਲ ਨੇ ਸੋਨ ਤਗ਼ਮਾ ਜਿੱਤਿਆ। ਹਰਭਜਨ ਭੱਜੀ ਨੰਗਲ ਵੱਲੋਂ ਮੁਲਕ ਲਈ ਦੋ ਤਗ਼ਮੇਂ ਜਿੱਤਣ ਦਾ ਪਤਾ ਲੱਗਣ ’ਤੇ ਇਲਾਕੇ ਅਤੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਹੈ। ਸਮਾਜ ਸੇਵੀ ਤੇ ਬਾਬਾ ਸ਼ੇਖ ਫ਼ਰੀਦ ਕੁਸ਼ਤੀ ਅਖਾੜਾ ਧੂੜਕੋਟ ਰਣਸੀਂਹ ਨਾਲ ਜੁੜੇ ਡਾ.ਹਰਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਅਖਾੜੇ ਦੀਆਂ ਭਲਵਾਨ ਕੁੜੀਆਂ ਤੇ ਅਖਾੜਾ ਪ੍ਰਬੰਧਕਾਂ ਵੱਲੋਂ ਜਸ਼ਨ ਮਨਾਏ ਗਏ। ਦੇਸ਼ ਵਿਦੇਸ਼ ਵਸਦੇ ਕੁਸ਼ਤੀ ਪ੍ਰੇਮੀਆਂ ਤੇ ਪਹਿਲਵਾਨਾਂ ਬਸੰਤ ਸਿੰਘ ਸੈਦੋਕੇ, ਜਗਦੇਵ ਸਿੰਘ ਧੂੜਕੋਟ, ਬਲਦੇਵ ਸਿੰਘ ਬੇਦੀ, ਨਗਰ ਪੰਚਾਇਤ ਪ੍ਰਧਾਨ ਇੰਦਰਜੀਤ ਜੌਲੀ ਗਰਗ, ਚੇਅਰਮੈਨ ਪਰਮਜੀਤ ਸਿੰਘ ਨੰਗਲ, ਜਰਨੈਲੀ ਜੈਲੀ ਧਾਲੀਵਾਲ ਆਦਿ ਨੇ ਹਰਭਜਨ ਸਿੰਘ ਭੱਜੀ ਤੇ ਪੰਜਾਬ ਪੁਲੀਸ ਨੂੰ ਮੁਬਾਰਕਬਾਦ ਦਿੰਦਿਆਂ ਮੰਗ ਕੀਤੀ ਕਿ ਪਹਿਲਵਾਨ ਨੂੰ ਪੁਲੀਸ ਵਿਭਾਗ ਵਿੱਚ ਤਰੱਕੀ ਦੇ ਕੇ ਮਾਣ ਸਨਮਾਨ ਦਿੱਤਾ ਜਾਵੇ।