ਕੁਆਲਾਲੰਪੁਰ, ਭਾਰਤ ਦੇ ਸਟਾਰ ਸ਼ਟਲਰ ਪੀਵੀ ਸਿੰਧੂ ਅਤੇ ਕਿਦੰਬੀ ਸ੍ਰੀਕਾਂਤ ਨੇ ਅੱਜ ਇੱਥੇ ਸੱਤ ਲੱਖ ਡਾਲਰ ਇਨਾਮੀ ਰਕਮ ਵਾਲੇ ਮਲੇਸ਼ੀਆ ਓਪਨ ਵਰਲਡ ਟੂਰ ਸੁਪਰ 750 ਟੂਰਨਾਮੈਂਟ ਦੇ ਸ਼ੁਰੂਆਤੀ ਗੇੜ ਵਿੱਚ ਉਲਟ ਹਾਲਾਤ ਵਿੱਚ ਜਿੱਤ ਦਰਜ ਕਰਕੇ ਪ੍ਰੀ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਹੈ। ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਨੇ ਮਹਿਲਾ ਸਿੰਗਲਜ਼ ਵਿੱਚ ਜਾਪਾਨ ਦੀ ਅਯਾ ਓਹੋਰੀ ਦੀ ਸਖ਼ਤ ਚੁਣੌਤੀ ਨੂੰ ਪਸਤ ਕਰ ਦਿੱਤਾ। ਪੀਵੀ ਸਿੰਧੂ ਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਮਗਰੋਂ ਊਬਰ ਕੱਪ ਫਾਈਨਲ ਵਿੱਚ ਹਿੱਸਾ ਨਹੀਂ ਲਿਆ ਸੀ। ਉਸ ਨੇ ਸ਼ੁਰੂਆਤੀ ਗੇੜ ਦੇ ਮੈਚ ਵਿੱਚ ਦੁਨੀਆਂ ਦੀ 14ਵੇਂ ਨੰਬਰ ਦੀ ਖਿਡਾਰਨ ਓਹੋਰੀ ਨੂੰ 26-24, 21-15 ਨਾਲ ਸ਼ਿਕਸਤ ਦਿੱਤੀ। ਹੁਣ ਇਸ ਤੀਜਾ ਦਰਜਾ ਪ੍ਰਾਪਤ ਭਾਰਤੀ ਖਿਡਾਰਨ ਦਾ ਸਾਹਮਣਾ ਮਲੇਸ਼ੀਆ ਦੀ ਯਿੰਗ ਯਿੰਗ ਲੀ ਨਾਲ ਹੋਵੇਗਾ। ਇਸੇ ਤਰ੍ਹਾਂ ਪੁਰਸ਼ ਸਿੰਗਲਜ਼ ਵਰਗ ਵਿੱਚ ਸ੍ਰੀਕਾਂਤ ਨੇ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਡੈਨਮਾਰਕ ਦੇ ਜੌਨ ਜੋਰਗੇਨਸਨ ਨੂੰ 31 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 21-18, 21-19 ਨਾਲ ਹਰਾ ਦਿੱਤਾ। ਹੁਣ ਗੁੰਟੂਰ ਦੇ ਇਸ 25 ਸਾਲਾ ਖਿਡਾਰੀ ਦਾ ਸਾਹਮਣਾ ਚੀਨੀ ਤਾਇਪੈ ਦੇ ਵਾਂਗ ਜੁ ਵੇਈ ਨਾਲ ਹੋਵੇਗਾ, ਜਿਸ ਨੇ ਸ਼ੁਰੂਆਤ ਗੇੜ ਦੇ ਮੈਚ ਵਿੱਚ ਸਿੰਗਾਪੁਰ ਓਪਨ ਚੈਂਪੀਅਨ ਬੀ ਸਾਈ ਪ੍ਰਣੀਤ ਨੂੰ 21-12, 21-7 ਨਾਲ ਹਰਾ ਦਿੱਤਾ। ਇਸ ਤਰ੍ਹਾਂ ਬੀ ਸਾਈ ਪ੍ਰਣੀਤ ਦੀ ਚੁਣੌਤੀ ਖ਼ਤਮ ਹੋ ਗਈ ਹੈ। ਪੁਰਸ਼ ਡਬਲਜ਼ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਦਾ ਤਗ਼ਮਾ ਜੇਤੂ ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਦੀ ਮੁਹਿੰਮ ਤਾਕੁਤੋ ਇਨੋਊ ਅਤੇ ਯੂਕੀ ਕਾਨੇਕੋ ਦੀ ਸਤਵਾਂ ਦਰਜਾ ਪ੍ਰਾਪਤ ਜਾਪਾਨੀ ਜੋੜੀ ਖ਼ਿਲਾਫ਼ 16-21, 15-21 ਦੀ ਹਾਰ ਨਾਲ ਰੁਕ ਗਈ।