ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਜਠੌਰ ਤੋਂ ਇੱਕ ਵੱਖਰਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਨੂੰ 2 ਤੋਲੇ ਸੋਨੇ ਦੇ ਕੈਂਠੇ ਨਾਲ ਸਨਮਾਨਿਤ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਨੌਜਵਾਨ ਯੂ.ਕੇ. ਅਤੇ ਕੈਨੇਡਾ ਗਏ ਹਨ, ਉਨ੍ਹਾਂ ਵੱਲੋਂ ਦਸਵੰਧ ਕੱਢ ਕੇ ਗੁਰੂ ਕੇ ਵਜ਼ੀਰ ਲਈ ਇਹ ਉਪਰਾਲਾ ਕੀਤਾ ਗਿਆ। NRI ਨੌਜਵਾਨਾਂ ਦੇ ਇਸ ਕੰਮ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਅਤੇ ਲੋਕ ਇਸ ਕੰਮ ਦੀ ਸ਼ਲਾਘਾ ਕਰ ਰਹੇ ਹਨ।
ਨੌਜਵਾਨਾਂ ਦਾ ਮੰਨਣਾ ਹੈ ਕਿ ਸਿਰਫ਼ ਉਨ੍ਹਾਂ ਦੇ ਪਿੰਡ ਦੇ ਹੀ ਨਹੀਂ ਬਲਕਿ ਹਰ ਗੁਰੂਘਰ ਦੇ ਗ੍ਰੰਥੀ ਸਿੰਘ ਇਸ ਸਨਮਾਨ ਦੇ ਹੱਕਦਾਰ ਹਨ। ਜਿਨ੍ਹਾਂ ਦੀ ਬਦੌਲਤ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਗੁਰਬਾਣੀ ਨਾਲ ਜੋੜ ਰਹੇ ਹਨ। ਇਹ ਹੀ ਨਹੀਂ ਬਲਕਿ ਪਾਠੀ ਸਿੰਘ ਨੂੰ ਰਹਿਣ ਲਈ ਕੋਠੀ, ਏਸੀ, ਐਲਈਡੀ ਅਤੇ ਹੋਰਨਾਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਜਠੌਰ ਦੇ ਨੌਜਵਾਨ ਯੂਕੇ ਅਤੇ ਕਨੇਡਾ ਗਏ ਹਨ। ਉਨ੍ਹਾਂ ਵੱਲੋਂ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਬਾਬਾ ਜੀ ਨੂੰ ਦੋ ਤੋਲੇ ਦਾ ਸੋਨੇ ਦਾ ਕੈਂਠਾ ਭੇਂਟ ਕੀਤਾ ਹੈ। ਪੂਰੇ ਪੰਜਾਬ ਵਿੱਚ ਇਨ੍ਹਾਂ ਦੇ ਪਰਿਵਾਰ ਦੀ ਅਤੇ ਪਿੰਡ ਦੀ ਚਰਚਾ ਹੋ ਰਹੀ ਹੈ। ਹਰ ਪਾਸੇ ਲੋਕ ਸਲਾਘਾ ਕਰ ਰਹੇ ਹਨ ਕਿ ਆਪਣੇ ਗੁਰੂ ਘਰ ਦੇ ਵਜ਼ੀਰ ਪਾਠੀ ਸਿੰਘ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਤਾਂ ਜੋ ਕਿ ਸਾਡੇ ਆਉਣ ਵਾਲੇ ਬੱਚੇ ਵੀ ਇਸੇ ਗੁਰਬਾਣੀ ਦੇ ਨਾਲ ਜੁੜ ਸਕਣ।
ਉੱਥੇ ਹੀ ਗੁਰਦੇਵ ਸਿੰਘ ਨੇ ਕਿਹਾ ਕਿ ਅੱਜ ਕੱਲ ਲੋਕ ਪਾਠੀ ਸਿੰਘਾਂ ਨੂੰ ਬਣਦਾ ਮਾਨ ਸਨਮਾਨ ਨਹੀਂ, ਦਿੰਦੇ ਜਿਸਦੇ ਚਲਦੇ ਪਾਠੀ ਸਿੰਘ ਘੱਟਦੇ ਜਾ ਰਹੇ ਹਨ। ਇਸ ਕਰਕੇ ਸਾਨੂੰ ਚਾਹੀਦਾ ਹੈ ਆਪਣੇ ਪਾਠੀ ਸਿੰਘਾਂ ਦਾ ਬਣਦਾ ਮਾਨ ਸਨਮਾਨ ਜਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਭਰਾ ਜੋਗਾ ਸਿੰਘ ਤੇ ਉਸਦੇ ਸਾਥੀ ਕਿਉਂਕਿ ਕੈਨੇਡਾ ਵਿੱਚ ਰਹਿੰਦੇ ਹਨ ਉਨ੍ਹਾਂ ਵੱਲੋਂ ਪਾਠੀ ਸਿੰਘ ਲਈ ਬਣਦਾ ਮਾਨ ਸਨਮਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੋ ਤੋਲੇ ਦਾ ਸੋਨੇ ਦਾ ਕੈਂਠਾ ਬਣਾ ਕੇ ਬਾਬਾ ਜੀ ਦਾ ਬਣਦਾ ਮਾਨ ਸਨਮਾਨ ਕੀਤਾ ਗਿਆ ਹੈ।
ਇਸ ਮੌਕੇ ਪਾਠੀ ਸਿੰਘ ਸੰਤੋਖ ਸਿੰਘ ਨੇ ਕਿਹਾ ਕਿ ਇਹ ਪਿੰਡ ਵਾਲਿਆਂ ਨੇ ਮੈਨੂੰ ਮਾਨ ਸਨਮਾਨ ਬਖਸ਼ਿਆ ਮੈਨੂੰ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਨੇ ਇਸ ਤਰ੍ਹਾਂ ਸਾਨੂੰ ਮਾਨ ਸਨਮਾਨ ਬਖਸ਼ਿਆ ਹੈ। ਇਹ ਵੀ ਕਿਹਾ ਕਿ ਮਨ ਨੂੰ ਬਹੁਤ ਖੁਸ਼ੀ ਹੋਈ ਹੈ ਵਾਹਿਗੁਰੂ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ।ਉਨ੍ਹਾਂ ਕਿਹਾ- ਸਾਡੇ ਲਾਗੇ ਜਿੰਨੇ ਵੀ ਪਿੰਡ ਹਨ ਅੱਜ ਤੱਕ ਕਿਸੇ ਨੇ ਵੀ ਪਾਠੀ ਸਿੰਘ ਦਾ ਅਜਿਹਾ ਮਾਨ ਸਤਿਕਾਰ ਨਹੀਂ ਕੀਤਾ ਜੋ ਇਸ ਪਰਿਵਾਰ ਵੱਲੋਂ ਕੀਤਾ ਗਿਆ ਹੈ।